ਦਿੱਲੀ ਸਰਕਾਰ ਨੇ ਅੱਜ ਲੋਕ ਨਿਰਮਾਣ ਵਿਭਾਗ ਅਧੀਨ ਖੇਤਰਾਂ ਵਿੱਚ ਪਾਣੀ ਭਰਨ ਵਾਲੀਆਂ ਮੁੱਖ ਥਾਵਾਂ ਦਾ ਨਿਰੀਖਣ ਕਰਨ ਦੇ ਨਿਰਦੇਸ਼ ਦਿੰਦਿਆਂ ਸੋਮਵਾਰ ਤੱਕ ਇਸ ਦੀ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਪੁਲੀਸ ਅਤੇ ਲੋਕ ਨਿਰਮਾਣ ਵਿਭਾਗ ਨਾਲ ਮੀਟਿੰਗ ਕਰਦਿਆਂ ਪਾਣੀ ਭਰਨ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ ਅਤੇ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਦਿੱਲੀ ਸਰਕਾਰ ਅਨੁਸਾਰ ਉੱਚ ਅਧਿਕਾਰੀਆਂ ਅਤੇ ਇੰਜਨੀਅਰਾਂ ਨੂੰ ਕੁਝ ਖਾਸ ਥਾਵਾਂ ਦਾ ਨਿਰੀਖਣ ਕਰਨ ਦੀ ਹਦਾਇਤ ਕੀਤੀ ਗਈ ਹੈ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਪਾਣੀ ਭਰਨ ਦੀ ਸਮੱਸਿਆ ਨੂੰ ਰੋਕਣ ਲਈ ਲੋੜੀਂਦੇ ਅਤੇ ਪੱਕੇ ਪ੍ਰਬੰਧ ਯਕੀਨੀ ਬਣਾਉਣ ਅਤੇ ਇਸ ਬਾਰੇ 31 ਅਗਸਤ ਤੱਕ ਲੋਕ ਨਿਰਮਾਣ ਵਿਭਾਗ ਦੇ ਪ੍ਰਧਾਨ ਸਕੱਤਰ ਨੂੰ ਰਿਪੋਰਟ ਸੌਂਪੀ ਜਾਵੇ। ਅਧਿਕਾਰੀਆਂ ਅਨੁਸਾਰ 24-25 ਅਗਸਤ ਨੂੰ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਸੀ, ਜਿਸ ਤੋਂ ਬਾਅਦ ਉਪ ਰਾਜਪਾਲ ਨੇ ਸਬੰਧਤ ਏਜੰਸੀਆਂ ਨੂੰ ਪੱਕੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਅਜਿਹੀ ਸਥਿਤੀ ਦੁਬਾਰਾ ਨਾ ਬਣੇ।
ਦਿੱਲੀ ਟਰੈਫਿਕ ਪੁਲੀਸ ਨੇ 20 ਅਗਸਤ ਤੱਕ ਮੀਂਹ ਦੌਰਾਨ ਪਾਣੀ ਜਮ੍ਹਾਂ ਹੋਣ ਵਾਲੀਆਂ 113 ਥਾਵਾਂ ਅਤੇ 24 ਅਗਸਤ ਨੂੰ ਪਏ ਮੀਂਹ ਦੌਰਾਨ 26 ਹੋਰ ਥਾਵਾਂ ਦੀ ਪਛਾਣ ਕੀਤੀ ਸੀ। ਅਜਿਹੀਆਂ ਥਾਵਾਂ ’ਤੇ ਵਾਰ-ਵਾਰ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਨੂੰ ਦੇਖਦੇ ਹੋਏ ਜ਼ਮੀਨੀ ਪੱਧਰ ’ਤੇ ਖਾਸ ਤੌਰ ’ਤੇ ਜਾਂਚ ਕਰਨ ਦੀ ਲੋੜ ਹੈ। ਇਸ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਲੋਕ ਨਿਰਮਾਣ ਵਿਭਾਗ ਮੌਜੂਦਾ ਬੁਨਿਆਦੀ ਢਾਂਚੇ ਅਤੇ ਉਪਲਬਧ ਸਰੋਤਾਂ ਨਾਲ ਕੋਈ ਹੋਰ ਥੋੜ੍ਹੇ ਸਮੇਂ ਲਈ ਪ੍ਰਬੰਧ ਕਰ ਸਕਦਾ ਹੈ। -ਪੀਟੀਆਈ
ਕਈ ਥਾਵਾਂ ’ਤੇ ਨਿਰੀਖਣ ਸ਼ੁਰੂ ਹੋਇਆ: ਪ੍ਰਵੇਸ਼ ਸਾਹਿਬ ਸਿੰਘ
ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਅਨੁਸਾਰ ਕਈ ਥਾਵਾਂ ’ਤੇ ਨਿਰੀਖਣ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਅਧਿਕਾਰੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ, ਗਾਦ ਜਮ੍ਹਾਂ ਹੋਣ ਅਤੇ ਰੁਕਾਵਟਾਂ ਦੇ ਪ੍ਰਬੰਧ ਆਦਿ ਦੀ ਜਾਂਚ ਕਰ ਰਹੇ ਹਨ। ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਮੁੱਖ ਸਕੱਤਰ ਸਮੇਤ ਸੀਨੀਅਰ ਅਧਿਕਾਰੀ ਮਹਿਰੌਲੀ-
ਬਦਰਪੁਰ ਰੋਡ ‘ਤੇ ਪਾਣੀ ਭਰਨ ਵਾਲੀਆਂ ਥਾਵਾਂ ਦਾ ਨਿਰੀਖਣ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਗਲੇ ਮੀਂਹ ਦਾ ਇੰਤਜ਼ਾਰ ਨਹੀਂ ਕਰਨਗੇ। ਜਿੱਥੇ-ਜਿੱਥੇ ਵਾਰ-ਵਾਰ ਪਾਣੀ ਭਰਦਾ ਹੈ, ਉਥੇ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਦਾ ਹੱਲ ਕੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤੁਰੰਤ ਕਾਰਵਾਈ ਅਤੇ ਲਗਾਤਾਰ ਨਿਗਰਾਨੀ ਪਹਿਲ ਹੈ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਮੌਨਸੂਨ ਦੇ ਬਾਕੀ ਸਮੇਂ ਵਿੱਚ ਪਾਣੀ ਭਰਨ ਵਾਲੀਆਂ ਥਾਵਾਂ ਦੀ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਹੈ। -ਪੀਟੀਆਈ

