
ਪੱਪਨ ਕਲਾਂ ਝੀਲ ਦਾ ਨਿਰੀਖਣ ਕਰਦੇ ਹੋਏ ਅਰਵਿੰਦ ਕੇਜਰੀਵਾਲ ਤੇ ਸੌਰਭ ਭਾਰਦਵਾਜ। -ਫੋਟੋ: ਏਐੱਨਆਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਮਾਰਚ
ਦਿੱਲੀ ’ਚ ਪਾਣੀ ਦੀ ਉਪਲੱਬਧਤਾ ਵਧਾਉਣ ਲਈ ਕੇਜਰੀਵਾਲ ਸਰਕਾਰ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਝੀਲਾਂ ਦਾ ਨਵੀਨੀਕਰਨ ਅਤੇ ਮੁੜ ਨਿਰਮਾਣ ਕਰ ਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੀ ਪੱਪਨ ਕਲਾਂ ਝੀਲ ਦਾ ਦੌਰਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 26 ਝੀਲਾਂ ਅਤੇ 380 ਜਲਘਰ ਬਣਾਏ ਜਾ ਰਹੇ ਹਨ, ਜਿਸ ਨਾਲ ਜਲਦੀ ਹੀ ਦਿੱਲੀ ਨੂੰ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਦਿੱਲੀ ਵਿੱਚ 300 ਏਕੜ ਵਿੱਚ ਬਣ ਰਹੀਆਂ 26 ਝੀਲਾਂ ਵਿੱਚ 230 ਐਮਜੀਡੀ ਟ੍ਰੀਟਿਡ ਪਾਣੀ ਪਾਇਆ ਜਾਵੇਗਾ। ਪੱਪਨ ਕਲਾਂ ਝੀਲ ਦੇ ਅੱਧੇ ਕਿਲੋਮੀਟਰ ਦੇ ਦਾਇਰੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 6.25 ਮੀਟਰ ਤੱਕ ਵੱਧ ਗਿਆ ਹੈ। ਜਲ ਸਰੋਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ’ ਸਰਕਾਰ ਬਣਨ ਤੋਂ ਪਹਿਲਾਂ ਦਵਾਰਕਾ ’ਚ ਪਾਣੀ ਨਹੀਂ ਸੀ। ਦਿੱਲੀ ਸਰਕਾਰ ਪੱਪਨ ਕਲਾਂ ਝੀਲ ਵਿੱਚ ਸੁੰਦਰ ਵਾਕਿੰਗ ਟਰੈਕ ਅਤੇ ਪਾਰਕ ਬਣਾਏਗੀ, ਜਿਸ ਦਾ ਲੋਕ ਆਨੰਦ ਲੈ ਸਕਣਗੇ।
ਨਿਰੀਖਣ ਦੌਰਾਨ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਹਰ ਸੰਭਵ ਕੰਮ ਕੀਤਾ ਜਾ ਰਿਹਾ ਹੈ। ਅੱਜ 21ਵੀਂ ਸਦੀ ਵਿੱਚ ਕਈ ਅਜਿਹੀਆਂ ਤਕਨੀਕਾਂ ਆ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਕੇ ਰੀਸਾਈਕਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਸਾਲ ਤੱਕ ਝੀਲ ਦੇ ਅੰਦਰ ‘ਟ੍ਰੀਟਿਡ ਪਾਣੀ’ ਡੋਲ੍ਹਣ ਨਾਲ ਇਸ ਦੇ ਆਲੇ-ਦੁਆਲੇ ਦੇ ਅੱਧੇ ਕਿਲੋਮੀਟਰ ਦੇ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 6.25 ਮੀਟਰ ਵਧ ਗਿਆ ਹੈ। ਜਦੋਂ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ 20 ਮੀਟਰ ਹੇਠਾਂ ਚਲਾ ਗਿਆ ਸੀ। ਜਲ ਬੋਰਡ ਦੇ ਅਧਿਕਾਰੀਆਂ ਮੁਤਾਬਕ ਹੁਣ ਇਸ ਖੇਤਰ ਵਿੱਚ ਅੱਧਾ ਕਿਲੋਮੀਟਰ ਤੱਕ 13 ਮੀਟਰ ਜ਼ਮੀਨ ਪੁੱਟਣ ਤੋਂ ਬਾਅਦ ਹੀ ਪਾਣੀ ਮਿਲਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ