ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ (Civil Services Exam) 2026 ਅਤੇ ਭਾਰਤੀ ਵਣ ਸੇਵਾ (Indian Forest Service) ਪ੍ਰੀਖਿਆ ਲਈ ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ ਤਿੰਨ ਦਿਨ ਹੋਰ ਵਧਾ ਦਿੱਤੀ ਹੈ। ਹੁਣ ਉਮੀਦਵਾਰ 27 ਫਰਵਰੀ 2026 ਨੂੰ ਸ਼ਾਮ 6 ਵਜੇ ਤੱਕ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਪਹਿਲਾਂ ਇਹ ਤਰੀਕ 24 ਫਰਵਰੀ ਤੱਕ ਸੀ।
ਇਹ ਫ਼ੈਸਲਾ ਮੰਗਲਵਾਰ ਨੂੰ ਯੂ.ਪੀ.ਐੱਸ.ਸੀ. ਦੇ ਪੋਰਟਲ ’ਤੇ ਆਈ ਤਕਨੀਕੀ ਖ਼ਰਾਬੀ ਕਾਰਨ ਲਿਆ ਗਿਆ ਹੈ। ਕਈ ਉਮੀਦਵਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਵੈੱਬਸਾਈਟ ’ਤੇ ਦਿੱਕਤ ਆਉਣ ਕਾਰਨ ਉਹ ਆਪਣੇ ਫਾਰਮ ਨਹੀਂ ਭਰ ਪਾ ਰਹੇ। ਯੂ.ਪੀ.ਐੱਸ.ਸੀ. ਦੇ ਚੇਅਰਮੈਨ ਅਜੈ ਕੁਮਾਰ ਨੇ ਸੋਸ਼ਲ ਮੀਡੀਆ (X) ਰਾਹੀਂ ਦੱਸਿਆ ਕਿ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਪੋਰਟਲ ਬਿਲਕੁਲ ਸਹੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਤੀ ਗਈ ਵੈੱਬਸਾਈਟ (https://upsconline.nic.in) ’ਤੇ ਜਾ ਕੇ ਆਪਣੀ ਅਰਜ਼ੀ ਭਰਨ।
24 ਮਈ ਨੂੰ ਹੋਵੇਗੀ ਮੁੱਢਲੀ ਪ੍ਰੀਖਿਆ
ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ (Prelims) 24 ਮਈ ਨੂੰ ਹੋਣੀ ਤੈਅ ਹੋਈ ਹੈ। ਇਹ ਪ੍ਰੀਖਿਆ ਹਰ ਸਾਲ ਤਿੰਨ ਪੜਾਵਾਂ ਪ੍ਰੀਲਿਮਸ, ਮੇਨਜ਼ ਅਤੇ ਇੰਟਰਵਿਊ ਵਿੱਚ ਕਰਵਾਈ ਜਾਂਦੀ ਹੈ, ਜਿਸ ਰਾਹੀਂ ਆਈ.ਏ.ਐੱਸ. (IAS), ਆਈ.ਪੀ.ਐੱਸ. (IPS) ਅਤੇ ਆਈ.ਐੱਫ.ਐੱਸ. (IFS) ਵਰਗੇ ਉੱਚ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ।

