Ujjain ’ਚ Shahi Masjid ਦਾ ਹਿੱਸਾ ਢਾਹੁਣ ’ਤੇ ਹੰਗਾਮਾ, ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ
ਸੜਕ ਚੌੜੀ ਕਰਨ ਦੇ ਪ੍ਰੋਜੈਕਟ ’ਤੇ ਵਿਵਾਦ: ਪੱਥਰਬਾਜ਼ੀ ਤੋਂ ਬਾਅਦ ਪੁਲੀਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ; ਮਹਿਲਾ ਇੰਸਪੈਕਟਰ ਜ਼ਖਮੀ
ਸਾਲ 2028 ਵਿੱਚ ਹੋਣ ਵਾਲੇ ‘ਸਿੰਹਸਥ ਮੇਲੇ’ ਦੀਆਂ ਤਿਆਰੀਆਂ ਤਹਿਤ ਸੜਕ ਚੌੜੀ ਕਰਨ ਦੇ ਚੱਲ ਰਹੇ ਪ੍ਰੋਜੈਕਟ ਦੌਰਾਨ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਵਿੱਚ ਸਥਿਤੀ ਉਸ ਵੇਲੇ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਸਦੀਆਂ ਪੁਰਾਣੀ ‘ਸ਼ਾਹੀ ਮਸਜਿਦ’ ਦਾ ਇੱਕ ਹਿੱਸਾ ਹਟਾਉਣ ਪਹੁੰਚੀ ਪੁਲੀਸ ਅਤੇ ਸਥਾਨਕ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀਆਂ ਝੜਪਾਂ ਹੋ ਗਈਆਂ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਸ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਦੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਹਟਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਸ਼ਾਹੀ ਮਸਜਿਦ ਦੇ ਨੇੜੇ ਬਿਨਾਂ ਇਜਾਜ਼ਤ ਤੋਂ ਇਕੱਠੀ ਹੋਈ ਭੀੜ ਅਤੇ ਪੁਲੀਸ ਵਿਚਾਲੇ ਬਹਿਸਬਾਜ਼ੀ ਤੋਂ ਬਾਅਦ ਹੰਗਾਮਾ ਹੁੰਦਾ ਸਾਫ਼ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਮਸਜਿਦ ਦਾ ਕੁਝ ਹਿੱਸਾ ਨਿਰਧਾਰਤ ਸੜਕ ਦੇ ਨਕਸ਼ੇ ਦੀ ਜ਼ਦ ਵਿੱਚ ਆਉਂਦਾ ਹੈ। ਜਿਵੇਂ ਹੀ ਹਟਾਉਣ ਦੀ ਕਾਰਵਾਈ ਸ਼ੁਰੂ ਹੋਈ, ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਸਥਾਨਕ ਪੁਲੀਸ ਮੁਤਾਬਕ ਪੱਥਰਬਾਜ਼ੀ ਦੌਰਾਨ ਕਰਾਈਮ ਬਰਾਂਚ ਦੀ ਮਹਿਲਾ ਇੰਸਪੈਕਟਰ ਪੁਸ਼ਪਾ ਪੰਚਾਲ ਜ਼ਖਮੀ ਹੋ ਗਈ।
ਇਹ ਵਿਵਾਦ ਕਾਂਠਲ ਚੌਰਾਹੇ ਤੋਂ ਗੋਪਾਲ ਮੰਦਰ ਤੱਕ 15 ਮੀਟਰ ਚੌੜੀ ਕੀਤੀ ਜਾ ਰਹੀ ਸੜਕ ਦੇ ਰਸਤੇ ਵਿੱਚ ਸ਼ਾਹੀ ਮਸਜਿਦ ਦੇ ਲਗਭਗ 10 ਫੁੱਟ ਦੇ ਹਿੱਸੇ ਨੂੰ ਲੈ ਕੇ ਹੈ। ਸੋਮਵਾਰ ਸਵੇਰੇ ਪ੍ਰਸ਼ਾਸਨ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਸਮਾਜ ਦੇ ਲੋਕ ਖੁਦ ਹੀ ਰੁਕਾਵਟ ਬਣ ਰਹੇ ਹਿੱਸੇ ਨੂੰ ਹਟਾਉਣ ਲਈ ਸਹਿਮਤ ਹੋਏ ਸਨ। ਹਾਂਲਾਕਿ, ਮੌਕੇ ’ਤੇ ਨਾਅਰੇਬਾਜ਼ੀ ਅਤੇ ਵਿਰੋਧ ਦਰਮਿਆਨ ਮਾਹੌਲ ਵਿਗੜ ਗਿਆ। ਭੀੜ ਨੇ ਪੁਲੀਸ ਬੈਰੀਕੇਡ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲੀਸ ਨੂੰ ਸਖ਼ਤੀ ਕਰਨੀ ਪਈ।
ਦੂਜੇ ਪਾਸੇ, ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਮਸਜਿਦ ਦੇ ਇਤਿਹਾਸਕ ਮਹੱਤਵ ਅਤੇ ਵਕਫ਼ ਜਾਇਦਾਦ ਹੋਣ ਦਾ ਹਵਾਲਾ ਦਿੰਦਿਆਂ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਮਾਮਲੇ ’ਤੇ ਅੱਜ ਇੰਦੌਰ ਹਾਈ ਕੋਰਟ ’ਚ ਸੁਣਵਾਈ ਹੋਣੀ ਵੀ ਤੈਅ ਹੈ। ਉਜੈਨ ਨਗਰ ਨਿਗਮ ਦੀ ਚੇਅਰਮੈਨ ਕਲਾਵਤੀ ਯਾਦਵ ਨੇ ਕਿਹਾ ਕਿ 2028 ’ਚ ਹੋਣ ਵਾਲੇ ‘ਸਿੰਹਸਥ ਕੁੰਭ ਮੇਲੇ’ ਦੌਰਾਨ ਕਰੋੜਾਂ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਸੜਕਾਂ ਨੂੰ ਚੌੜਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸੇ ਲਈ ਇਹ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਉਜੈਨ ਮਾਸਟਰ ਪਲਾਨ 2035
ਇਹ ਪੂਰਾ ਵਿਵਾਦ ਉਜੈਨ ਮਾਸਟਰ ਪਲਾਨ 2035 ਦਾ ਹਿੱਸਾ ਹੈ, ਜਿਸ ਤਹਿਤ ਕੁੱਲ 274 ਢਾਂਚਿਆਂ ਨੂੰ ਚਿੰਨ੍ਹਿਤ ਕਰਕੇ ਨੋਟਿਸ ਜਾਰੀ ਕੀਤੇ ਗਏ ਹਨ। ਇਹ ਰਸਤਾ ਮਹਾਕਾਲੇਸ਼ਵਰ ਮੰਦਰ, ਗੋਪਾਲ ਮੰਦਰ ਅਤੇ ਸ਼ਿਪਰਾ ਨਦੀ ਦੇ ਘਾਟਾਂ ਨੂੰ ਆਪਸ ਵਿੱਚ ਜੋੜਦਾ ਹੈ। ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਇਹ ਬਣੀ ਹੋਈ ਹੈ ਕਿ ਧਾਰਮਿਕ ਸਮਾਗਮਾਂ ਦੇ ਸੁਚੱਜੇ ਪ੍ਰਬੰਧਾਂ ਲਈ ਬਣਾਏ ਜਾ ਰਹੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੂੰ ਕਾਨੂੰਨੀ ਦਾਇਰੇ ਵਿੱਚ ਰੱਖ ਕੇ ਨਿਪਟਾਇਆ ਜਾਵੇ ਤਾਂ ਜੋ ਕੋਈ ਵੱਡਾ ਫ਼ਿਰਕੂ ਤਣਾਅ ਨਾ ਪੈਦਾ ਹੋਵੇ।

