ਦਿੱਲੀ ਪੁਲੀਸ ਨੇ ਰਾਜਧਾਨੀ ਵਿੱਚ ਅਜਮਲ ਖਾਨ ਪਾਰਕ ਨੇੜੇ ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਨਾਲ 8.4 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਦੋਵੇਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਬੰਧੂ ਗੁਪਤਾ ਰੋਡ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਮੁਲਜ਼ਮ ਸਬ-ਇੰਸਪੈਕਟਰ ਮਹਾਵੀਰ ਅਤੇ ਕਾਂਸਟੇਬਲ ਵਿੱਕੀ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਉੱਤਰ ਪ੍ਰਦੇਸ਼ ਦੇ ਜਲੌਨ ਵਾਸੀ ਦੀਪਕ ਸੋਨੀ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਸੀ, ਜੋ 24 ਮਾਰਚ ਨੂੰ ਦਿੱਲੀ ਆਇਆ ਸੀ। ਪੁਲੀਸ ਨੇ ਦੱਸਿਆ ਕਿ ਸੋਨੀ ਨੇ ਦੋਸ਼ ਲਗਾਇਆ ਕਿ ਇਹ ਵਾਰਦਾਤ 24 ਮਾਰਚ ਨੂੰ ਅਜਮਲ ਖਾਨ ਪਾਰਕ ਨੇੜੇ ਵਾਪਰੀ, ਜਿੱਥੇ ਦੋ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਅਤੇ ਨਗਦੀ ਲੁੱਟ ਲਈ ਗਈ। ਪੁਲੀਸ ਅਨੁਸਾਰ ਸੋਨੀ ਨੇ ਦਾਅਵਾ ਕੀਤਾ ਕਿ ਉਸ ਕੋਲ ਲਗਭਗ 10 ਲੱਖ ਸੀ ਜਿਸ ’ਚੋਂ ਮੁਲਾਜ਼ਮਾਂ 8.4 ਲੱਖ ਲੈ ਲਏ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਸ਼ਿਕਾਇਤ 25 ਮਾਰਚ ਨੂੰ ਕੇਂਦਰੀ ਦਿੱਲੀ ਦੇ ਡੀ ਸੀ ਪੀ ਦੇ ਦਫ਼ਤਰ ਨੂੰ ਮਿਲੀ ਸੀ।
ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ। ਪੁਲੀਸ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਵਿਰੁੱਧ ਡੀ ਬੀ ਜੀ ਰੋਡ ਸਥਿਤ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

