ਕਾਂਗਰਸ ਦੇ ਦੋ ਨਵੇਂ ਚੁਣੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ : The Tribune India

ਕਾਂਗਰਸ ਦੇ ਦੋ ਨਵੇਂ ਚੁਣੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਕਾਂਗਰਸ ਦੇ ਦੋ ਨਵੇਂ ਚੁਣੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

‘ਆਪ’ ਵਿੱਚ ਸ਼ਾਮਲ ਹੋਏ ਕਾਂਗਰਸੀ ਕੌਂਸਲਰ ਤੇ ਆਗੂਆਂ ਦਾ ਸਵਾਗਤ ਕਰਦੇ ਹੋਏ ਦੁਰਗੇਸ਼ ਪਾਠਕ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਦਸੰਬਰ

ਦਿੱਲੀ ਪ੍ਰਦੇਸ਼ ਕਾਂਗਰਸ ਨੂੰ ਉਦੋਂ ਕਰਾਰਾ ਝਟਕਾ ਲੱਗਾ ਜਦੋਂ 8 ਦਸੰਬਰ ਨੂੰ ਆਏ ਚੋਣ ਨਤੀਜਿਆਂ ਦੌਰਾਨ ਜਿੱਤੇ 9 ਕੌਂਸਲਰਾਂ ਵਿੱਚੋਂ ਦੋ ਨਵੇਂ ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਏ। ਇਸੇ ਦੌਰਾਨ ਕੁੱਝ ਹੋਰ ਕਾਂਗਰਸੀ ਆਗੂ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਰਸਮ ਵਿਧਾਇਕ ਤੇ ਦਿੱਲੀ ਨਗਰ ਨਿਗਮ ਲਈ ਪਾਰਟੀ ਇੰਚਾਰਜ਼ ਦੁਰਗੇਸ਼ ਪਾਠਕ ਨੇ ਨਿਭਾਈ। ਦੱਸਣਯੋਗ ਹੈ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ‘ਆਪ’ ਨੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਭਾਜਪਾ ਦੀ 15 ਸਾਲ ਦੀ ਸੱਤਾ ਖਤਮ ਕੀਤੀ ਹੈ।

ਦਿੱਲੀ ਵਿੱਚ ਪਾਰਟੀ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਪਾਠਕ ਨੇ ਕਾਂਗਰਸੀ ਕੌਂਸਲਰ ਸਬੀਲਾ ਬੇਗਮ ਜੋ ਮੁਸਤਫ਼ਾਬਾਦ ਤੋਂ ਜਿੱਤੀ ਹੈ, ਨੂੰ ‘ਆਪ’ ਦਾ ਪਟਕਾ ਪਹਿਨਾ ਕੇ ਪਾਰਟੀ ’ਚ ਸ਼ਾਮਲ ਕੀਤਾ। ਦੂਜੀ ਕੌਂਸਲਰ ਬਰਜਿਪੁਰੀ ਤੋਂ ਜਿੱਤੀ ਨਾਜ਼ੀਆ ਖ਼ਾਤੂਨ ਹੈ ਜਿਸ ਨੇ ਨਤੀਜਿਆਂ ਦੇ ਆਉਣ ਦੇ ਦੋ ਦਿਨ ਬਾਅਦ ਹੀ ਦਲ ਬਦਲ ਕਰਕੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਤੀਜੇ ਅਹਿਮ ਕਾਂਗਰਸੀ ਆਗੂ ਅਲੀ ਮਹਿਦੀ ਹਨ ਜੋ ‘ਆਪ’ ਵਿੱਚ ਸ਼ਾਮਲ ਹੋਏ। ਪਾਠਕ ਨੇ ਕਿਹਾ ਕਿ ਅਲੀ ਤੇ ਉਨ੍ਹਾਂ ਦੇ ਪਿਤਾ ਦਾ ਕਾਂਗਰਸ ਨਾਲ 40 ਸਾਲਾਂ ਦਾ ਨਾਤਾ ਰਿਹਾ ਹੈ।

ਇਹ ਪੁੱਛੇ ਜਾਣ ’ਤੇ ਕਿ ਕਾਂਗਰਸੀ ਕੌਂਸਲਰ ‘ਆਪ’ ਵਿਚ ਕਿਉਂ ਸ਼ਾਮਲ ਹੋਏ ਅਤੇ ਕੀ ਪਾਰਟੀ ਦਿੱਲੀ ਨਗਰ ਨਿਗਮ ਵਿਚ ‘ਆਪਰੇਸ਼ਨ ਲੋਟਸ’ ਤੋਂ ਡਰਦੀ ਹੈ? ਦੁਰਗੇਸ਼ ਪਾਠਕ ਨੇ ਕਿਹਾ, ‘ਕੌਂਸਲਰਾਂ ਦੀ ਚੋਣ ਸਿਰਫ਼ ਯੋਗਤਾ ਦੇ ਆਧਾਰ ’ਤੇ ਕੀਤੀ ਗਈ ਹੈ। ‘ਆਪ’ ਵਿਧਾਇਕ ਨੇ ਕਿਹਾ, ‘‘ਕੌਂਸਲਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸੀਂ ਗਿਣਤੀ ਦੇ ਮਾਮਲੇ ਵਿੱਚ ਬਹੁਤ ਅੱਗੇ ਹਾਂ। ਹੁਣ ਭਾਜਪਾ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਨੂੰ ਐਮਸੀਡੀ ਵਿੱਚ ਵਿਰੋਧੀ ਧਿਰ ਵਿੱਚ ਰਹਿਣਾ ਪਵੇਗਾ। ਜਿਹੜਾ ਵੀ ਦਿੱਲੀ ਲਈ ਕੰਮ ਕਰਨਾ ਚਾਹੁੰਦਾ ਹੈ, ਉਹ ਸਾਡੇ ਨਾਲ ਜੁੜ ਸਕਦਾ ਹੈ। ਮੈਂ ਭਾਜਪਾ ਅਤੇ ਕਾਂਗਰਸ ਦੇ ਸਾਰੇ ਕੌਂਸਲਰਾਂ ਨੂੰ ਸਾਡਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ।’’

‘ਆਪ’ ਨੇ ਦਿੱਲੀ ਨਿਗਮ ਚੋਣਾਂ ’ਚ ਨਿਰਣਾਇਕ ਜਿੱਤ ਦਾ ਦਾਅਵਾ ਕੀਤਾ ਸੀ, ਦਿੱਲੀ ਦੇ ਏਕੀਕ੍ਰਿਤ ਨਗਰ ਨਿਗਮ ਦੇ ਅਧੀਨ 250 ਵਾਰਡਾਂ ਵਿੱਚੋਂ 134 ’ਤੇ ਜਿੱਤ ਦਰਜ ਕੀਤੀ। ਦੋ ਕਾਂਗਰਸੀ ਕੌਂਸਲਰਾਂ ਦੇ ਪਾਰਟੀ ’ਚ ਸ਼ਾਮਲ ਹੋਣ ’ਤੇ ਨਿਗਮ ਵਿੱਚ ‘ਆਪ’ ਦੇ ਕੌਂਸਲਰਾਂਦੀ ਗਿਣਤੀ 136 ਹੋ ਗਈ ਹੈ ਜਦੋਂ ਕਿ ਕਾਂਗਰਸ ਦੀ ਗਿਣਤੀ 7 ਰਹਿ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All