ਦਿੱਲੀ ਸਰਕਾਰ ਨੇ ਇਸ ਸਾਲ ਦੋ ਲੱਖ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਉੱਤਰੀ-ਪੱਛਮੀ ਦਿੱਲੀ ਜ਼ਿਲ੍ਹੇ ਵਿੱਚ ਆਪਣੀ ਸਰਕਾਰ ਦਾ ਪਹਿਲਾ ਸਾਲ ਪੂਰੇ ਹੋਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿੱਚ ਨਵੇਂ ਰਾਸ਼ਨ ਕਾਰਡ ਨਹੀਂ ਬਣਾਏ ਗਏ ਸਨ, ਪਰ ਹੁਣ ਸਰਕਾਰ ਨੇ ਲੋੜਵੰਦਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਇਸ ਸਮੇਂ 17 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕ ਹਨ ਅਤੇ ਜਨਤਕ ਵੰਡ ਪ੍ਰਣਾਲੀ (ਪੀ ਡੀ ਐੱਸ) ਰਾਹੀਂ ਕਰੀਬ 73 ਲੱਖ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਵਿਭਾਗ ਨੇ 2.76 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ 1,000 ਦੇ ਕਰੀਬ ਲੋਕਾਂ ਨੇ ਜਵਾਬ ਦਿੱਤਾ।
ਨਵੇਂ ਨਿਯਮਾਂ ਅਨੁਸਾਰ ਏ ਤੋਂ ਈ ਸ਼੍ਰੇਣੀ ਦੀਆਂ ਕਲੋਨੀਆਂ ਵਿੱਚ ਰਹਿਣ ਵਾਲੇ, ਸਰਕਾਰੀ ਮੁਲਾਜ਼ਮ, ਆਮਦਨ ਕਰ ਅਦਾ ਕਰਨ ਵਾਲੇ, ਚਾਰ ਪਹੀਆ ਵਾਹਨਾਂ ਦੇ ਮਾਲਕ ਅਤੇ 2 ਕਿਲੋਵਾਟ ਤੋਂ ਵੱਧ ਬਿਜਲੀ ਕੁਨੈਕਸ਼ਨ ਵਾਲੇ ਲੋਕ ਰਾਸ਼ਨ ਕਾਰਡ ਲਈ ਯੋਗ ਨਹੀਂ ਹੋਣਗੇ। ਪੜਤਾਲ ਵਿੱਚ ਪਤਾ ਲੱਗਾ ਹੈ ਕਿ 1.59 ਲੱਖ ਕਾਰਡ ਧਾਰਕ ਜਾਇਦਾਦਾਂ ਦੇ ਮਾਲਕ ਹਨ, 77,000 ਤੋਂ ਵੱਧ ਕੋਲ ਵਾਹਨ ਹਨ, 19,000 ਕੰਪਨੀ ਡਾਇਰੈਕਟਰ ਹਨ ਅਤੇ 16,000 ਕੋਲ ਦੂਜੇ ਰਾਜਾਂ ਦੇ ਰਾਸ਼ਨ ਕਾਰਡ ਹਨ। ਜਲਦੀ ਹੀ ਸਰਕਾਰ ਅਯੋਗ ਲਾਭਪਾਤਰੀਆਂ ਦੇ ਕਾਰਡ ਰੱਦ ਕਰਨ ਬਾਰੇ ਫੈਸਲਾ ਲੈ ਸਕਦੀ ਹੈ। ਦਿੱਲੀ ਫੂਡ ਸਕਿਓਰਿਟੀ ਰੂਲਜ਼, 2026 ਤਹਿਤ ਰਾਸ਼ਨ ਕਾਰਡ ਲਈ ਸਾਲਾਨਾ ਆਮਦਨ ਦੀ ਸੀਮਾ 1 ਲੱਖ ਤੋਂ ਵਧਾ ਕੇ 1.20 ਲੱਖ ਰੁਪਏ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਸੈਲਾਨੀਆਂ ਲਈ ਡਬਲ ਡੈਕਰ ਬੱਸ ਸੇਵਾ ਸ਼ੁਰੂ
ਦਿੱਲੀ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਡਬਲ ਡੈਕਰ ਬੱਸ ਸੇਵਾ ਦਾ ਉਦਘਾਟਨ ਕੀਤਾ। ਇਹ ਬੱਸ ਸੇਵਾ ਕੇਂਦਰੀ ਦਿੱਲੀ ਦੇ ਪ੍ਰਮੁੱਖ ਸਥਾਨਾਂ ਜਿਵੇਂ ਭਾਰਤ ਮੰਡਪਮ, ਨੈਸ਼ਨਲ ਵਾਰ ਮੈਮੋਰੀਅਲ, ਨਵਾਂ ਸੰਸਦ ਭਵਨ ਅਤੇ ਦਿੱਲੀ ਹਾਟ ਨੂੰ ਜੋੜੇਗੀ। ਮੁੱਖ ਮੰਤਰੀ ਨੇ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨਾਲ ਬੱਸ ਵਿੱਚ ਸਫ਼ਰ ਕੀਤਾ। ਬੱਸ ਵਿੱਚ 63 ਯਾਤਰੀਆਂ ਦੇ ਬੈਠਣ ਦੀ ਸਹੂਲਤ ਹੈ ਅਤੇ ਕਿਰਾਇਆ ਬਾਲਗਾਂ ਲਈ 500 ਰੁਪਏ ਅਤੇ ਬੱਚਿਆਂ ਲਈ 300 ਰੁਪਏ ਰੱਖਿਆ ਗਿਆ ਹੈ।

