ਕਨਾਟ ਪਲੇਸ ਵਿੱਚ ਫੁੱਲਾਂ ਦਾ ਦੋ ਰੋਜ਼ਾ ਮੇਲਾ ਸ਼ੁਰੂ
ਮੁੱਖ ਮੰਤਰੀ ਨੇ ਕੀਤਾ ਉਦਘਾਟਨ; ਟਿਊਲਿਪ ਦੇਖਣ ਲਈ ਹੁਣ ਕਸ਼ਮੀਰ ਜਾਣ ਦੀ ਲੋੜ ਨਹੀਂ: ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਮਿਊਂਸਿਪਲ ਕੌਂਸਲ (ਐੱਨ ਡੀ ਐੱਮ ਸੀ) ਵੱਲੋਂ ਕਨਾਟ ਪਲੇਸ ਵਿੱਚ ਲਾਏ ਗਏ ਦੋ ਰੋਜ਼ਾ ਫਲਾਵਰ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਤਿਉਹਾਰ ਨੇ ਰਾਜਧਾਨੀ ਦੇ ਦਿਲ ਕਹੇ ਜਾਣ ਵਾਲੇ ਕਨਾਟ ਪਲੇਸ ਦੇ ਸੈਂਟਰਲ ਪਾਰਕ ਨੂੰ ਫੁੱਲਾਂ ਦੀ ਮਹਿਕ ਅਤੇ ਰੰਗਾਂ ਨਾਲ ਭਰ ਦਿੱਤਾ ਹੈ। ਉਦਘਾਟਨੀ ਸਮਾਗਮ ਦੌਰਾਨ ਐੱਨ ਡੀ ਐੱਮ ਸੀ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਮੌਜੂਦ ਸਨ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਐੱਨ ਡੀ ਐੱਮ ਸੀ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੀ ਹਰੀ-ਭਰੀ ਅਤੇ ਸਕਾਰਾਤਮਕ ਤਸਵੀਰ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ, ‘ਪਹਿਲਾਂ ਲੋਕ ਟਿਊਲਿਪ ਫੁੱਲਾਂ ਨਾਲ ਫੋਟੋਆਂ ਖਿਚਵਾਉਣ ਲਈ ਕਸ਼ਮੀਰ ਜਾਂਦੇ ਸਨ, ਪਰ ਹੁਣ ਉਨ੍ਹਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਕੇਂਦਰੀ ਦਿੱਲੀ ਵਿੱਚ ਹੀ ਕਾਫੀ ਟਿਊਲਿਪ ਖਿੜੇ ਹੋਏ ਹਨ।’ ਉਨ੍ਹਾਂ ਨੇ ਜੀ-20 ਸੰਮੇਲਨ ਅਤੇ ਹਾਲ ਹੀ ਵਿੱਚ ਹੋਏ ਏ ਆਈ ਇੰਡੀਆ ਇਮਪੈਕਟ ਸੰਮੇਲਨ ਦੌਰਾਨ ਐੱਨ ਡੀ ਐੱਮ ਸੀ ਵੱਲੋਂ ਕੀਤੀ ਗਈ ਸਾਫ਼-ਸਫ਼ਾਈ ਅਤੇ ਫੁੱਲ ਲਗਾਉਣ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਫੈਸਟੀਵਲ ਵਿੱਚ ਮੌਸਮੀ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ, ਫੁੱਲਾਂ ਦੀ ਸਜਾਵਟ ਅਤੇ ਬਾਗਬਾਨੀ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਮਕਸਦ ਸ਼ਹਿਰੀ ਬਾਗਬਾਨੀ ਅਤੇ ਹਰਿਆਲੀ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਐੱਨ ਡੀ ਐੱਮ ਸੀ ਦੇ ਚੇਅਰਮੈਨ ਕੇਸ਼ਵ ਚੰਦਰ, ਵਾਈਸ ਚੇਅਰਮੈਨ ਕੁਲਜੀਤ ਚਾਹਲ ਅਤੇ ਹੋਰ ਪਤਵੰਤੇ ਮੌਜੂਦ ਸਨ। ਹੋਲੀ ਦੇ ਮੌਕੇ ਇਸ ਉਤਸਵ ਨੂੰ ਦੇਖਣ ਵਾਲਿਆਂ ਦੀ ਖਾਸੀ ਭੀੜ ਰਹੀ ਅਤੇ ਦਿੱਲੀ ਦੇ ਦਿਲ ਕਹੇ ਜਾਂਦੇ ਕਨਾਟ ਪਲੇਸ ਦੇ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਨੇ ਵੀ ਇਸ ਫੈਸਟੀਵਲ ਦਾ ਆਨੰਦ ਮਾਣਿਆ। ਲੋਕਾਂ ਨੇ ਇੱਥੇ ਦਿਲ ਖੋਲ੍ਹ ਕੇ ਸੈਲਫੀਆਂ ਲਈਆਂ। ਫੁੱਲ ਬੀਜਣ ਦੇ ਸ਼ੌਕੀਨ ਫਰੀਦਾਬਾਦ ਦੇ ਸੁਰਿੰਦਰ ਸਿੰਘ ਓਬਰਾਏ ਨੇ ਇਸ ਫੈਸਟੀਵਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਬਾਗਵਾਨੀ ਦੇ ਸ਼ੌਕੀਨਾਂ ਨੇ ਭਾਰਤੀ ਅਤੇ ਵਿਦੇਸ਼ੀ ਫੁੱਲਾਂ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ।

