ਪੱਤਰ ਪ੍ਰੇਰਕ
ਨਵੀਂ ਦਿੱਲੀ 27 ਜੁਲਾਈ
ਟਿਕਰੀ ਬਾਰਡਰ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪਤਨੀ ਮਨਜੀਤ ਕੌਰ ਦੀ ਹੋਈ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸੂਬੇ ਦੀ ਸਮੁੱਚੀ ਟੀਮ ਵੱਲੋਂ ਲਾਲ ਸਲਾਮ ਦੇ ਨਾਅਰੇ ਨਾਲ ਸਿਜਦਾ ਕੀਤਾ ਗਿਆ। ਇਸ ਮੌਕੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਜਿਵੇਂ 26 ਜੁਲਾਈ ਦਾ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਕਿਸਾਨ ਸੰਸਦ ਔਰਤ ਭੈਣਾਂ ਲਈ ਰੱਖਿਆ ਸੀ, ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਾਕਾਇਦਾ ਆਪਣੇ ਐਲਾਨਨਾਮੇ ਵਿਚ ਤਿੰਨ ਕਾਰਜ ਪਾਏ ਹੋਏ ਸਨ। ਕਿਸਾਨ ਜਥੇਬੰਦੀ ਵੱਲੋਂ ਮਜ਼ਦੂਰ ਦੇ ਨਾਲ ਨਾਲ ਔਰਤ ਭੈਣਾਂ ਦਾ ਲੜ ਬਰਾਬਰ ਕਰਨ ਦਾ ਕਾਰਜ ਪਾਇਆ ਹੋਣ ਕਰਕੇ ਔਰਤਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਇਕਾਈਆਂ ਬਣਾ ਕੇ ਔਰਤਾਂ ਨੂੰ ਜਥੇਬੰਦ ਕਰ ਰਹੀਆਂ ਹਨ। ਇਸ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਆਪਣੇ ਇਕੱਠ ਵਿੱਚ ਆਉਣ ਲਈ ਪ੍ਰੇਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿੱਚ 9 ਤੋਂ 11 ਅਗਸਤ ਤੱਕ ਲਗਾਏ ਜਾ ਰਹੇ ਮੋਰਚੇ ਵਿਚ ਮਜ਼ਦੂਰਾਂ ਨਾਲ ਸਾਂਝ ਵਧਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਪਿੰਡਾਂ ਵਿੱਚ ਜਾ ਕੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਵਾ ਕੇ ਲਾਮਬੰਦੀ ਕਰ ਰਹੇ ਹਨ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰ ਰਹੇ ਹਨ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੈੱਟ ’ਤੇ ਪਾਈ ਡਬਿੇਟ ਕਿ ‘ਅਸੀਂ ਮੋਰਚੇ ਜਾਣ ਲਈ ਤਿਆਰ ਹਾਂ ਪਰ ਸਾਨੂੰ ਜਥੇਬੰਦੀਆਂ ਵਾਲੇ ਸਟੇਜ ਤੋਂ ਬੋਲਣ ਨਹੀਂ ਦਿੰਦੇ’। ਮਲੂਕਾ ਕਹਿੰਦੇ ਹਨ ਕਿ ਅਸੀਂ ਲੋਕਾਂ ਦੇ ਪਿੱਛੇ ਬੈਠ ਕੇ ਆਪਣੀ ਬੇਇੱਜ਼ਤੀ ਨਹੀਂ ਕਰਵਾਉਣੀ। ਇਸ ਬਾਰੇ ਮਾਲਣ ਕੌਰ ਤੇ ਗੁਰਮੇਲ ਕੌਰ ਕੋਠਾ ਗੁਰੂ ਨੇ ਕਿਹਾ ਕਿ ਇਸ ਦਾ ਮਤਲਬ ਏ ਸਾਰੇ ਮੁਲਕ ਦਾ ਢਿੱਡ ਭਰਨ ਵਾਲੇ ਅੰਨ ਦਾਤੇ ਨੂੰ ਤਾਂ ਇਹ ਕੀੜੇ ਮਕੌੜੇ ਅਤੇ ਭੇਡਾਂ ਸਮਝਦੇ ਹਨ।