ਸੱਚ ਦੀ ਕੰਧ ’ਤੇ ’84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸਿੱਖ ਕਤਲੇਆਮ ਦੀਆਂ ਵਿਧਵਾਵਾਂ ਨੇ ਮੁਲਜ਼ਮ ਆਗੂਆਂ ਖ਼ਿਲਾਫ਼ ਤਖ਼ਤੀਆਂ ਫੜ ਕੇ ਕੀਤਾ ਪ੍ਰਦਰਸ਼ਨ
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ‘ਸੱਚ ਦੀ ਕੰਧ’ ’ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਯਾਦਗਾਰ ’ਤੇ ਉਸ ਕਤਲੇਆਮ ਦੌਰਾਨ ਮਾਰੇ ਗਏ ਕਰੀਬ ਤਿੰਨ ਹਜ਼ਾਰ ਸਿੱਖਾਂ ਦੇ ਨਾਂ ਉਕਰੇ ਹੋਏ ਹਨ।
ਇਸ ਭਾਵੁਕ ਮਾਹੌਲ ਵਿੱਚ ਸਿੱਖ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਕਾਂਗਰਸੀ ਆਗੂਆਂ ਸੱਜਣ ਕੁਮਾਰ, ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜ ਕੇ ਆਪਣਾ ਰੋਸ ਪ੍ਰਗਟ ਕਰ ਰਹੀਆਂ ਸਨ। ਇਸ ਮੌਕੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਸ਼ਰਧਾਂਜਲੀ ਸਮਾਗਮ ਵਿੱਚ ਪੀੜਤਾਂ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਆਗੂ ਸ਼ਾਮਲ ਹੋਏ। ਢਾਡੀ ਜਥਿਆਂ ਨੇ ਸ਼ਹੀਦੀ ਪ੍ਰਸੰਗ ਪੇਸ਼ ਕੀਤੇ।
ਕਾਲਕਾ ਨੇ ਕਿਹਾ ਕਿ 41 ਸਾਲਾਂ ਤੋਂ ਚੱਲ ਰਹੇ ਇਨਸਾਫ਼ ਦੇ ਇਸ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਸੱਚਾਈ ਕਮਿਸ਼ਨ ਬਣਾਉਣ ਦਾ ਮਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਪਾਸ ਕੀਤਾ ਜਾਵੇਗਾ।
ਫੂਲਕਾ ਨੇ ਇਸ ਕਤਲੇਆਮ ਨੂੰ ਤੀਜਾ ਘੱਲੂਘਾਰਾ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਇਸ ਨੂੰ ਕਦੇ ਨਹੀਂ ਭੁੱਲੇਗੀ। ਉਨ੍ਹਾਂ ਨੇ ‘ਸੱਚਾਈ ਕਮਿਸ਼ਨ’ ਬਣਾਉਣ ਦੀ ਮੰਗ ਕੀਤੀ।

