ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਬੀਤੇ ਦਿਨੀਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਖਿਆਲਾ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਗਏ ਰਕਾਬਗੰਜ ਸਾਹਿਬ ਦੇ ਗ੍ਰੰਥੀ ਭਾਈ ਜਰਨੈਲ ਸਿੰਘ ਦੇ ਪੁੱਤਰ ਜਸਕਰਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਚੰਦ ਨਗਰ, ਰਵੀ ਨਗਰ ਵਿੱਚ ਹੋਈ। ਇਸ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਬੇਰਹਿਮੀ ਨਾਲ ਜਸਕਰਨ ਸਿੰਘ ਦਾ ਪੱਥਰ ਅਤੇ ਸਿੱਲਾਂ ਮਾਰ ਕੇ ਕਤਲ ਕੀਤਾ ਗਿਆ, ਉਸਨੇ ਸਮੁੱਚੀ ਮਨੁੱਖਤਾ ਨੁੰ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਨੌਜਵਾਨ ਜੋ ਬਹੁਤ ਚੰਗਾ ਗੁਰਸਿੱਖ ਸੀ ਤੇ ਜਿਸਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ, ਉਸਨੂੰ ਇਸ ਤਰੀਕੇ ਅਣਮਨੁੁੱਖੀ ਤਸ਼ੱਦਦ ਕੇ ਕਤਲ ਕਰਨਾ ਤੇ ਉਸਦੇ ਕਤਲ ਦੀ ਸੀਮਤ ਸੈਕਿੰਡਾਂ ਦੀ ਵੀਡੀਓ ਜਾਰੀ ਕਰਨ ਦਾ ਮਕਸਦ ਸਿੱਖ ਕੌਮ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਤਲ ਵਿੱਚ ਦਰਜਨ ਤੋਂ ਵੱਧ ਵਿਅਕੀਤ ਸ਼ਾਮਲ ਸਨ ਪਰ ਜਾਣ ਬੁੱਝ ਕੇ ਛੋਟੀ ਕਲਿੱਪ ਵਿੱਚ ਦੋ ਬੰਦੇ ਵਿਖਾਏ ਗਏ। ਉਨ੍ਹਾਂ ਕਿਹਾ ਕਿ ਇਸ ਸਾਰੇ ਕੇਸ ਨਾਲ ਸਬੰਧਤ ਠੋਸ ਸਬੂਤ ਇਕੱਤਰ ਕਰ ਲਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਸਥਾਨਕ ਐੱਸਐੱਚਓ ਤੇ ਡੀਸੀਪੀ ਵੱਲੋਂ ਉਨ੍ਹਾਂ ਟਰਕਾਇਆ ਜਾ ਰਿਹਾ ਸੀ ਪਰ ਹੁਣ ਪੁਲੀਸ ਉਨ੍ਹਾਂ ਦੇ ਸਖ਼ਤ ਰਵੱਈਏ ਤੋਂ ਮਜਬੂਰ ਹੋ ਗਈ ਹੈ ਤੇ ਹੁਣ ਤੱਕ 4 ਕਾਤਲ ਫੜ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਕਾਤਲ ਜਲਦ ਤੋਂ ਜਲਦ ਸਲਾਖਾਂ ਪਿੱਛੇ ਹੋਣ ਤੇ ਇਹ ਵੀ ਯਕੀਨੀ ਬਣਾਵਾਂਗੇ ਕਿ ਉਹ ਸਾਰੇ ਜੇਲ੍ਹ ਵਿੱਚ ਸੜਨ ਤੇ ਉਨ੍ਹਾਂ ਦੀ ਕਦੇ ਵੀ ਜ਼ਮਾਨਤ ਨਾ ਹੋਵੇ। ਸਿਰਸਾ ਨੇ ਪਰਿਵਾਰ ਨੂੁੰ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ ਵੱਲੋਂ ਪੂਰੀ ਲੀਗਲ ਟੀਮ ਇਸ ਕੇਸ ਦੀ ਪੈਰਵਈ ਕਰ ਰਹੀ ਹੈ ਤੇ ਅਦਾਲਤਾਂ ਵਿੱਚ ਵੀ ਕਰੇਗੀ ਤੇ ਯਕੀਨੀ ਬਣਾਏਗੀ ਤੇ ਇਨ੍ਹਾਂ ਕਾਤਲਾਂ ਨੂੰ ਜ਼ਿੰਦਗੀ ਦੇ ਅੰਤ ਤੱਕ ਦੀ ਉਮਰ ਕੈਦ ਮਿਲੇ। ਇਸ ਮੌਕੇ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਤੇ ਪਰਿਵਾਰਕ ਰਿਸ਼ਤੇਦਾਰ ਤੇ ਨਜ਼ਦੀਕੀ ਵੀ ਸ਼ਾਮਲ ਸਨ।