ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਰਧਾਂਜਲੀ ਮਾਰਚ
ਦਿੱਲੀ ਵਿੱਚ 31 ਅਕਤੂਬਰ ਤੋਂ 2 ਨਵੰਬਰ 1984 ਦੇ ਵਿਚਕਾਰ ਹੋਏ ਸਿੱਖ ਕਤਲੇਆਮ ਖ਼ਿਲਾਫ਼ ਭਾਜਪਾ ਵੱਲੋਂ ਸ਼ਰਧਾਂਜਲੀ ਮਾਰਚ ਕੀਤਾ ਗਿਆ ਅਤੇ ਦੋਸ਼ ਲਾਇਆ ਕਿ ਕੱਲ੍ਹ ਰੈਲੀ ਕਰ ਕੇ ਕਾਂਗਰਸ ਨੇ ਪੁਰਾਣੇ ਜ਼ਖ਼ਮਾਂ ਨੂੰ ਹਰਾ ਕੀਤਾ ਹੈ। ਜਾਣਕਾਰੀ ਅਨੁਸਾਰ ਮਾਰਚ ਵਿੱਚ...
ਦਿੱਲੀ ਵਿੱਚ 31 ਅਕਤੂਬਰ ਤੋਂ 2 ਨਵੰਬਰ 1984 ਦੇ ਵਿਚਕਾਰ ਹੋਏ ਸਿੱਖ ਕਤਲੇਆਮ ਖ਼ਿਲਾਫ਼ ਭਾਜਪਾ ਵੱਲੋਂ ਸ਼ਰਧਾਂਜਲੀ ਮਾਰਚ ਕੀਤਾ ਗਿਆ ਅਤੇ ਦੋਸ਼ ਲਾਇਆ ਕਿ ਕੱਲ੍ਹ ਰੈਲੀ ਕਰ ਕੇ ਕਾਂਗਰਸ ਨੇ ਪੁਰਾਣੇ ਜ਼ਖ਼ਮਾਂ ਨੂੰ ਹਰਾ ਕੀਤਾ ਹੈ। ਜਾਣਕਾਰੀ ਅਨੁਸਾਰ ਮਾਰਚ ਵਿੱਚ 1984 ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ, ਸਿੱਖ ਭਾਈਚਾਰੇ ਦੇ ਲੋਕਾਂ ਅਤੇ ਦਿੱਲੀ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਕਾਰਕੁਨਾਂ ਸਮੇਤ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਕੀਤਾ, ਜਿਸ ਦੌਰਾਨ ਸੰਗਤ ਨੇ ਗੁਰਬਾਣੀ ਦਾ ਜਾਪ ਕੀਤਾ।
ਦਿੱਲੀ ਭਾਜਪਾ ਦੀਆਂ ਸੰਸਦ ਮੈਂਬਰਾਂ ਕਮਲਜੀਤ ਸਹਿਰਾਵਤ ਅਤੇ ਬਾਂਸੁਰੀ ਸਵਰਾਜ ਅਤੇ ਆਗੂ ਰਾਜੀਵ ਬੱਬਰ ਵੀ ਇਸ ਮਾਰਚ ਵਿੱਚ ਸ਼ਾਮਲ ਹੋਏ। ਇਸ ਮਾਰਚ ਵਿੱਚ 1984 ਦੇ ਕਤਲੇਆਮ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ, ਸੈਂਕੜੇ ਸਿੱਖ ਔਰਤਾਂ, ਨਿਹੰਗ ਸਿੰਘਾਂ ਦੇ ਜਥੇ, ਤਿਲਕ ਵਿਹਾਰ ਵਿੱਚ ਰਹਿਣ ਵਾਲੇ ਪੀੜਤ ਸਿੱਖ ਪਰਿਵਾਰ ਅਤੇ ਭਾਜਪਾ ਵਰਕਰ ਸ਼ਾਮਲ ਸਨ। ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚਣ ’ਤੇ ਸੰਗਤ ਨੇ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ‘ਸੱਚਾਈ ਦੀ ਕੰਧ’ ’ਤੇ ਮੋਮਬੱਤੀਆਂ ਜਗਾਈਆਂ। ਇਸ ਦੌਰਾਨ ਸੰਗਤ ਨੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਬਾਂਸੁਰੀ ਸਵਰਾਜ ਨੇ ਕਿਹਾ ਕਿ 1984 ਵਿੱਚ ਸਿੱਖ ਭਾਈਚਾਰੇ ਦੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕਾਂਗਰਸ ਦੀ ਇੱਕ ਸੁਚੱਜੀ ਸਾਜ਼ਿਸ਼ ਸੀ। ਇਸ ਦੌਰਾਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਟਿੱਪਣੀਆਂ ਦਾ ਜ਼ਿਕਰ ਵੀ ਕੀਤਾ। ਸਹਿਰਾਵਤ ਨੇ ਕਿਹਾ ਕਿ ਇਹ ਮਾਰਚ 1984 ਵਿੱਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇੱਕਜੁਟਤਾ ਪ੍ਰਗਟਾਉਣ ਦੀ ਕੋਸ਼ਿਸ਼ ਹੈ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ’ਤੇ ਸਿੱਖਾਂ ਦੇ ਦੁੱਖ ਦਾ ਮਜ਼ਾਕ ਉਡਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਕਾਂਗਰਸ ਆਗੂਆਂ ਨੂੰ ਮੁਆਫ਼ ਨਹੀਂ ਕਰਨਗੇ।

