Traffic Police ਮੁਲਾਜ਼ਮਾਂ ਨੂੰ ਮਿਲੇ AC Helmets
ਗਰਮੀ ਤੋਂ ਬਚਾਅ ਲਈ ਪਾਇਲਟ ਪ੍ਰਾਜੈਕਟ ਸ਼ੁਰੂ; ਅੱਠ ਤੋਂ ਬਾਰਾਂ ਡਿਗਰੀ ਤੱਕ ਤਾਪਮਾਨ ਘਟਾਏਗਾ ਹੈਲਮੇਟ; ਪੋਰਟੇਬਲ ਪੱਖਿਆਂ ਦਾ ਵੀ ਪ੍ਰਬੰਧ
ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਕਾਰਨ ਦਿੱਲੀ ਟਰੈਫਿਕ ਪੁਲੀਸ ਨੇ ਵਿਸ਼ੇਸ਼ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸੜਕਾਂ ਅਤੇ ਜ਼ਿਆਦਾ ਆਵਾਜਾਈ ਵਾਲੇ ਚੌਕਾਂ ’ਤੇ ਲੰਮੇ ਸਮੇਂ ਤੱਕ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਅਤਿ ਦੀ ਗਰਮੀ ਤੋਂ ਬਚਾਉਣ ਲਈ ਕੂਲਿੰਗ ਯੰਤਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸੂਰਜੀ ਊਰਜਾ ਦੀ ਮਦਦ ਨਾਲ ਚੱਲਣ ਵਾਲੇ ਏ ਸੀ ਹੇਲਮੇਟ ਵੀ ਸ਼ਾਮਲ ਹਨ। ਤੀਨ ਮੂਰਤੀ ਗੋਲਚੱਕਰ ਅਤੇ ਹੋਰ ਪ੍ਰਮੁੱਖ ਲਾਂਘਿਆਂ ’ਤੇ ਤਾਇਨਾਤ ਟਰੈਫਿਕ ਸਟਾਫ ਨੂੰ ਇਨ੍ਹਾਂ ਵਿਸ਼ੇਸ਼ ਕੂਲਿੰਗ ਹੈਲਮੇਟਾਂ, ਪੋਰਟੇਬਲ ਪੱਖਿਆਂ ਅਤੇ ਐਮਰਜੈਂਸੀ ਹਾਈਡ੍ਰੇਸ਼ਨ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਫਸਰ ਨੇ ਦੱਸਿਆ ਕਿ ਇਹ ਪਾਇਲਟ ਪ੍ਰਾਜੈਕਟ ਗਰਮੀ ਦਾ ਪ੍ਰਭਾਵ ਘਟਾਉਣ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਸਿੱਧੀ ਧੁੱਪ ਵਿੱਚ ਲੰਮੇ ਸਮੇਂ ਤੱਕ ਟਰੈਫਿਕ ਪ੍ਰਬੰਧਨ ਸੰਭਾਲਣ ਵਾਲੇ ਮੁਲਾਜ਼ਮਾਂ ਵਿੱਚ ਲੂ ਅਤੇ ਪਾਣੀ ਦੀ ਕਮੀ ਦੇ ਖ਼ਤਰੇ ਨੂੰ ਘਟਾਉਣਾ ਹੈ। ਇਸ ਮੁਹਿੰਮ ਦੀ ਮੁੱਖ ਵਿਸ਼ੇਸ਼ਤਾ ਬੈਟਰੀ ਨਾਲ ਚੱਲਣ ਵਾਲਾ ਤਾਪਮਾਨ ਨਿਯੰਤਰਨ ਹੈਲਮੇਟ ਹੈ। ਪੁਲੀਸ ਦੇ ਲੌਜਿਸਟਿਕਸ ਵਿਭਾਗ ਅਨੁਸਾਰ ਇਹ ਹੈਲਮੇਟ ਬਾਹਰੀ ਵਾਤਾਵਰਨ ਦੇ ਮੁਕਾਬਲੇ ਸਿਰ ਦੇ ਆਲੇ-ਦੁਆਲੇ ਦੇ ਤਾਪਮਾਨ ਨੂੰ 8 ਤੋਂ 12 ਡਿਗਰੀ ਸੈਲਸੀਅਸ ਤੱਕ ਘਟਾਉਣ ਦੇ ਸਮਰੱਥ ਹੈ। ਪੁਲੀਸ ਮੁਤਾਬਕ ਗਰਮੀਆਂ ਵਿੱਚ ਸਿਰ ’ਤੇ ਸਭ ਤੋਂ ਵੱਧ ਗਰਮੀ ਮਹਿਸੂਸ ਹੁੰਦੀ ਹੈ। ਇਸੇ ਲਈ ਇਹ ਹੈਲਮੇਟਾਂ ਖ਼ਾਸ ਤੌਰ ’ਤੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਹੱਥ ਪੱਖੇ, ਕਾਲਰ ਪੱਖੇ ਅਤੇ ਪੋਰਟੇਬਲ ਟੇਬਲ ਵੈਂਟੀਲੇਟਰ ਵੀ ਦਿੱਤੇ ਗਏ ਹਨ।
ਠੰਢੇ ਪਾਣੀ ਤੇ ਓ ਆਰ ਐੱਸ ਘੋਲ ਵੀ ਕੀਤਾ ਜਾ ਰਿਹੈ ਸਪਲਾਈ
ਇਸ ਟਰਾਇਲ ਪ੍ਰੋਗਰਾਮ ਤਹਿਤ ਡਾਕਟਰੀ ਅਤੇ ਹਾਈਡ੍ਰੇਸ਼ਨ ਸਹਾਇਤਾ ਵੀ ਮਜ਼ਬੂਤ ਕੀਤੀ ਗਈ ਹੈ। ਫੀਲਡ ਸਟਾਫ ਵਿੱਚ ਥਕਾਵਟ ਨਾਲ ਨਜਿੱਠਣ ਲਈ ਨਿਰਧਾਰਤ ਟਰੈਫਿਕ ਪੁਆਇੰਟਾਂ ’ਤੇ ਠੰਢਾ ਪੀਣ ਵਾਲਾ ਪਾਣੀ ਅਤੇ ਓ ਆਰ ਐੱਸ ਦੇ ਘੋਲ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਛਾਂ ਦੇਣ, ਅਚਾਨਕ ਚੱਲਣ ਹਨੇਰੀ ਅਤੇ ਖ਼ਰਾਬ ਮੌਸਮ ਦੌਰਾਨ ਬਿਜਲੀ ਦੇ ਖ਼ਤਰਿਆਂ ਤੋਂ ਬਚਾਉਣ ਲਈ ਕਈ ਚੌਕਾਂ ’ਤੇ ਅਸਥਾਈ ਟੀਨ ਦੇ ਸ਼ੈੱਡ ਬਣਾਏ ਗਏ ਹਨ। ਇਸ ਪ੍ਰਾਜੈਕਟ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਨੂੰ ਪੂਰੇ ਸ਼ਹਿਰ ਵਿੱਚ ਲਾਗੂ ਕੀਤਾ ਜਾਵੇਗਾ।

