ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਟਰੈਫਿਕ ਪੁਲੀਸ ਵੱਲੋਂ ਜੀ-20 ਸੰਮੇਲਨ ਸਬੰਧੀ ਕੀਤੀ ਗਈ ਰਿਹਰਸਲ ਕਾਰਨ ਭਾਰੀ ਟਰੈਫਿਕ ਜਾਮ ਦੇਖਣ ਨੂੰ ਮਿਲਿਆ। ਦਿੱਲੀ ਟਰੈਫਿਕ ਪੁਲੀਸ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਕਾਰਕੇਡ ਰਿਹਰਸਲ ਤੇ ਵਿਸ਼ੇਸ਼ ਟਰੈਫਿਕ ਪ੍ਰਬੰਧਾਂ ਦੇ ਕਾਰਨ ਸਲੀਮਗੜ੍ਹ ਬਾਈਪਾਸ, ਮਹਾਤਮਾ ਗਾਂਧੀ ਮਾਰਗ, ਭੈਰੋਂ ਮਾਰਗ, ਭੈਰੋਂ ਰੋਡ-ਰਿੰਗ ਰੋਡ, ਮਥੁਰਾ ਰੋਡ, ਸੀ-ਹੈਕਸਾਗਨ, ਸਰਦਾਰ ਪਟੇਲ ਮਾਰਗ ਤੇ ਗੁਰੂਗ੍ਰਾਮ ਰੋਡ ’ਤੇ ਦੁਪਹਿਰ ਵੇਲੇ ਆਵਾਜਾਈ ਪ੍ਰਭਾਵਿਤ ਹੋਈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ।’’ ਇਸ ਦੌਰਾਨ ਆਈਟੀਓ, ਬ੍ਰਿਜ ਮੋਹਨ ਚੌਕ, ਹੌਜ਼ ਕਾਜ਼ੀ ਚੌਕ, ਅਜਮੇਰੀ ਗੇਟ ਚੌਕ, ਚੌਕ ਮੰਡੀ ਹਾਊਸ, ਏਮਜ਼ ਲੂਪ, ਦਿਆਲ ਸਿੰਘ ਚੌਕ, ਸੀ-ਹੈਕਸਾਗਨ ਆਦਿ ਥਾਵਾਂ ’ਤੇ ਵੀ ਭੀੜ ਦੇਖਣ ਨੂੰ ਮਿਲੀ ਕਿਉਂਕਿ ਚੇਹਲਮ ਜਲੂਸ ਦੇ ਮੱਦੇਨਜ਼ਰ ਟਰੈਫਿਕ ਨੂੰ ਮੋੜ ਦਿੱਤਾ ਗਿਆ। ਇਸ ਪਰੰਪਰਾਗਤ ਸਮਾਗਮ ਵਿੱਚ ਤਾਜ਼ੀਆ ਅਤੇ ਆਲਮ ਸਮੇਤ ਮੁੱਖ ਚੇਹਲਮ ਜਲੂਸ ਸ਼ਾਮਲ ਹੁੰਦਾ ਹੈ, ਜੋ ਅੱਜ ਸਵੇਰੇ 8.30 ਵਜੇ ਪਹਾੜੀ ਭੋਜਲਾ ਤੋਂ ਸ਼ੁਰੂ ਹੋਇਆ।