ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਲਾਸਟਿਕ ਉਤਪਾਦਾਂ ਦੀ ਵਰਤੋਂ ‘ਤੇ ਪਾਬੰਦੀ ਸਿਰਫ ਇਸ ਲਈ ਲਗਾਈ ਗਈ ਹੈ ਕਿ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਪਰ ਉਨ੍ਹਾਂ ਉਤਪਾਦਾਂ ਦੀ ਥਾਂ ਹੋਰ ਕਿਹੜੀਆਂ ਵਸਤੂਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਦੇ ਪ੍ਰਚਾਰ ਲਈ ਤਿੰਨ ਰੋਜ਼ਾ ‘ਪਲਾਸਟਿਕ ਵਿਕਲਪ ਮੇਲਾ’ ਸ਼ੁਰੂ ਹੋ ਗਿਆ ਹੈ। ਦਿੱਲੀ ‘ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਸਰਕਾਰ ਵੱਲੋਂ ਜਿਹੜੇ ਪਲਾਸਟਿਕ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ, ਦੀ ਵਰਤੋਂ ‘ਤੇ ਇੱਕ ਲੱਖ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ‘ਗ੍ਰੀਨ ਦਿੱਲੀ ਐਪ’ ਨੂੰ ਅਪਗ੍ਰੇਡ ਕੀਤਾ ਗਿਆ ਹੈ ਤਾਂ ਜੋ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਦੋ ਦਿਨਾਂ ਵਿੱਚ ਨਿਪਟਾਰਾ ਕੀਤਾ ਜਾ ਸਕੇ। ਤਿਆਗਰਾਜ ਸਟੇਡੀਅਮ ਵਿੱਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਤਿੰਨ ਦਿਨਾਂ ਮੇਲਾ ਲਗਾਇਆ ਹੈ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੇ ਬਦਲ ਵਾਲੇ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਪ ‘ਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੋਡਲ ਅਫਸਰਾਂ ਦੀ ਜਾਣਕਾਰੀ ਅਪਲੋਡ ਕੀਤੀ ਗਈ ਹੈ। ਜਿੱਥੇ ਪੋਲੀਥੀਨ ਬੈਗ ਜ਼ਿਆਦਾ ਵਰਤੇ ਜਾਂਦੇ ਹਨ ਉਨ੍ਹਾਂ ਬਾਜ਼ਾਰਾਂ ਵਿੱਚ ਕੱਪੜੇ, ਜੂਟ ਆਦਿ ਦੇ ਥੈਲਿਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਕਿਓਸਕ ਸ਼ੁਰੂ ਕੀਤੇ ਜਾਣਗੇ।