ਇੱਥੇ ਦਵਾਰਕਾ ਦੇ ਸੈਕਟਰ 24 ਇਲਾਕੇ ਵਿੱਚ ਸਥਿਤ ਗੋਲਫ ਕੋਰਸ ਦੇ ਛੱਪੜ ’ਚ ਅੱਜ ਸਵੇਰੇ ਅੱਠ ਤੋਂ ਦਸ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਵਾਰਕਾ ਸੈਕਟਰ 23 ਥਾਣੇ ਵਿੱਚ ਸਵੇਰੇ ਲਗਪਗ ਸੱਤ ਵਜੇ ਘਟਨਾ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਫਾਇਰ ਬ੍ਰਿਗੇਡ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਨੂੰ ਵੀ ਸੂਚਿਤ ਕੀਤਾ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲੀਸ ਨੂੰ ਗੋਲਫ ਕੋਰਸ ਕੰਪਲੈਕਸ ਦੇ ਅੰਦਰ ਛੱਪੜ ਵਿੱਚ ਤਿੰਨ ਬੱਚੇ ਮ੍ਰਿਤਕ ਮਿਲੇ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਕੱਪੜੇ ਕੰਢੇ ’ਤੇ ਮਿਲੇ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਨਹਾਉਣ ਲਈ ਛੱਪੜ ਵਿੱਚ ਉਤਰੇ ਹੋਣਗੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲੀਸ ਨੇ ਕਿਹਾ ਕਿ ਉਹ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਹੁਣ ਤੱਕ ਇਲਾਕੇ ਵਿੱਚ ਮ੍ਰਿਤਕਾਂ ਦੇ ਵੇਰਵਿਆਂ ਨਾਲ ਮੇਲ ਖਾਂਦੀ ਕੋਈ ਗੁੰਮਸ਼ੁਦਗੀ ਦੀ ਸ਼ਿਕਾਇਤ ਨਹੀਂ ਮਿਲੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਬੱਚਿਆਂ ਦੇ ਡੁੱਬਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

