ਦਿੱਲੀ ਪੁਲੀਸ ਦੀ ਸਾਈਬਰ ਸਾਊਥ ਯੂਨਿਟ ਨੇ ‘ਡਿਜੀਟਲ ਗ੍ਰਿਫ਼ਤਾਰੀ’ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਇੱਕ ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਕਾਨੂੰਨ ਲਾਗੂ ਕਰਨ ਵਾਲੇ ਉੱਚ ਅਧਿਕਾਰੀਆਂ ਦੀ ਨਕਲ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਪੁਲੀਸ ਨੇ ਪੱਛਮੀ ਬੰਗਾਲ ਵਿੱਚ ਛਾਪੇ ਮਾਰ ਕੇ ਇਸ ਰੈਕੇਟ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਈਬਰ ਅਪਰਾਧੀਆਂ ਦੀ ਮਦਦ ਕਰਦੇ ਸਨ। ਸੀਨੀਅਰ ਪੁਲੀਸ ਅਫਸਰ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਜਾਂਚ ਦੌਰਾਨ ਅਮਲ ਵਿੱਚ ਲਿਆਂਦੀ ਗਈ। ਪੀੜਤ ਔਰਤ ਨੇ ਦੋਸ਼ ਲਾਇਆ ਸੀ ਕਿ ਮੁੰਬਈ ਅਤਿਵਾਦ ਵਿਰੋਧੀ ਦਸਤੇ (ਏ ਟੀ ਐਸ), ਭਾਰਤੀ ਪੁਲੀਸ ਸੇਵਾ (ਆਈ ਪੀ ਐਸ) ਅਤੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੇ ਅਧਿਕਾਰੀ ਬਣ ਕੇ ਉਨ੍ਹਾਂ ਨੇ ਉਸ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ। ਜਾਂਚਕਰਤਾਵਾਂ ਅਨੁਸਾਰ ਪੀੜਤ ਨੂੰ ਲਗਾਤਾਰ ਵਟਸਐਪ ਵੀਡੀਓ ਕਾਲ ’ਤੇ ਰੱਖ ਕੇ ਮਾਨਸਿਕ ਦਬਾਅ ਪਾਇਆ ਗਿਆ, ਜਿਸ ਕਾਰਨ ਉਸ ਨੇ 7.22 ਲੱਖ ਰੁਪਏ ਆਰ ਟੀ ਜੀ ਐਸ ਰਾਹੀਂ ਮੁਲਜ਼ਮਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ।
ਸਾਈਬਰ ਸਾਊਥ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਹੋਣ ਤੋਂ ਬਾਅਦ, ਜਾਂਚ ਟੀਮ ਨੇ ਵਿੱਤੀ ਲੈਣ-ਦੇਣ ਅਤੇ ਡਿਜੀਟਲ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ। ਤਕਨੀਕੀ ਨਿਗਰਾਨੀ ਦੀ ਮਦਦ ਨਾਲ ਪੁਲੀਸ ਨੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਅਤੇ ਹਾਵੜਾ ਜ਼ਿਲ੍ਹਿਆਂ ਵਿੱਚ ਛਾਪਾ ਮਾਰ ਕੇ ਸਮੀਰਨ ਰਾਏ, ਪ੍ਰਿੰਸ ਸ਼ਾਅ ਅਤੇ ਸਮਰ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਕੋਲੋਂ 6 ਮੋਬਾਈਲ ਫੋਨ, ਇੱਕ ਲੈਪਟਾਪ, 18 ਡੈਬਿਟ ਤੇ ਕ੍ਰੈਡਿਟ ਕਾਰਡ, 15 ਸਿਮ ਕਾਰਡ ਅਤੇ ਬੈਂਕਿੰਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
