ਕੁਲਦੀਪ ਸਿੰਘ
ਨਵੀਂ ਦਿੱਲੀ, 19 ਅਪਰੈਲ
ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪੁਸਤਕ ਚਰਚਾ ਦੇ ਮਹੀਨਾਵਾਰ ਪ੍ਰੋਗਰਾਮ ਤਹਿਤ ਇਸ ਵਾਰ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ‘ਮਜਲਸ’ ਉੱਪਰ ਚਰਚਾ ਕਰਵਾਈ ਗਈ। ਪੁਸਤਕ ’ਤੇ ਉੱਘੇ ਨਾਵਲਕਾਰ ਤੇ ਲੇਖਕ ਬਲਦੇਵ ਸਿੰਘ ਸੜਕਨਾਮਾ ਅਤੇ ਪ੍ਰਸਿੱਧ ਕਵੀ, ਨਾਟ-ਲੇਖਕ ਤੇ ਆਲੋਚਕ ਅਤੈ ਸਿੰਘ ਸੰਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਰੰਭ ’ਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਵੇਲ ਸਿੰਘ ਨੇ ਪ੍ਰੋਗਰਾਮ ਬਾਰੇ ਸਰੋਤਿਆਂ ਨੂੰ ਸੰਖੇਪ ’ਚ ਦੱਸਿਆ। ਉਪਰੰਤ ਬਲਦੇਵ ਸਿੰਘ ਸੜਕਨਾਮਾ ਨੇ ਇਸ ਨੂੰ ਇਕ ਅਜਿਹੀ ਅਰਥ ਭਰਪੂਰ ਤੇ ਗੰਭੀਰ ਰਚਨਾ ਕਿਹਾ, ਜਿਸ ਵਿਚ ਲੇਖਕ ਨੇ ਵੱਡੇ-ਛੋਟੇ ਸਭ ਤਰ੍ਹਾਂ ਦੇ ਲੇਖਕਾਂ ਨਾਲ ਸਮਤੋਲ ਵਿਹਾਰ ਰੱਖਦਿਆਂ ਉਨ੍ਹਾਂ ਦੀ ਸਿਰਜਨਾਤਮਕਤਾ ਦੇ ਨਾਲ ਨਾਲ ਜੀਵਨ ਵਿਹਾਰ ਦੇ ਪ੍ਰਤੱਖ ਪਹਿਲੂਆਂ ਬਾਰੇ ਗੰਭੀਰ ਗੱਲਬਾਤ ਕੀਤੀ ਹੈ।
ਉਨ੍ਹਾਂ ਅਨੁਸਾਰ ਇਹ ਗੱਲਾਂ ਅੱਜ ਦੇ ਪਾਠਕਾਂ ਲਈ ਬਹੁਤ ਪ੍ਰਸੰਗਕ ਤੇ ਮੁੱਲਵਾਨ ਹੋਣ ਦੇ ਨਾਲ ਨਾਲ ਕੁਝ ਹਟਵੀਆਂ ਵੀ ਹਨ। ਅਤੈ ਸਿੰਘ ਸੰਧੂ ਨੇ ਇਸ ਨੂੰ ਸੁਆਲਾਂ ਤੋਂ ਜੁਆਬ ਤੇ ਫਿਰ ਜੁਆਬਾਂ ’ਚੋਂ ਨਿਕਲਦੇ ਸੁਆਲ ਦੇ ਕ੍ਰਮ ’ਚ ਲਿਖੀ ਇਕ ਅਜਿਹੀ ਸਿਰਜਨਾ ਕਿਹਾ ਜਿਸ ਵਿਚ ਪ੍ਰਵਚਨ, ਸੰਵਾਦ, ਗੋਸ਼ਟੀ ਅਦਿ ਸਭ ਤੱਤ ਸਾਨੂੰ ਨਜ਼ਰ ਆਉਂਦੇ ਹਨ। ਅਖੀਰ ’ਚ ਡਾ. ਰਵੇਲ ਸਿੰਘ ਨੇ ਪੁਸਤਕ ਮਜਲਸ ਦੇ ਉੱਪਰ ਮਜਲਸ ਦੇ ਅੰਦਾਜ਼ ’ਚ ਹੋਈਆਂ ਗੱਲਾਂ ਅਤੇ ਪੁਸਤਕ ’ਚ ਲੇਖਕ ਵਲੋਂ ਬੇਬਾਕੀ ’ਚ ਕਹੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ’ਚ ਸ਼ਾਮਲ ਵਕਤਿਆਂ ਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।