ਸਾਡੇ ਦੇਸ਼ ਵਿੱਚ ਅਤਿਵਾਦ ਫੈਲਾਉਣ ਵਾਲੇ ਪਾਣੀ ਸਾਂਝਾ ਕਰਨ ਦੀ ਅਪੀਲ ਨਹੀਂ ਕਰ ਸਕਦੇ: ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਨੇ ਭਾਰਤ ਵਾਸੀਆਂ ਦੀ ਸੁਰੱਖਿਆ ਨੂੰ ਅਹਿਮ ਦੱਸਿਆ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੂੰ ਮਾੜੇ ਗੁਆਂਢੀਆਂ ਦੇ ਮਾਮਲੇ ਵਿੱਚ ਆਪਣੇ ਲੋਕਾਂ ਦਾ ਬਚਾਅ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਗੁਆਂਢੀ ਨਾਲ ਦੇ ਦੇਸ਼ ਵਿੱਚ ਅਤਿਵਾਦ ਫੈਲਾਉਣਾ ਜਾਰੀ ਰੱਖਦਾ ਹੈ ਤਾਂ ਉਹ ਨਵੀਂ ਦਿੱਲੀ ਨੂੰ ਪਾਣੀ ਸਾਂਝਾ ਕਰਨ ਲਈ ਨਹੀਂ ਕਹਿ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਚੰਗੇ ਗੁਆਂਢੀਆਂ ਦਾ ਹਰ ਪੱਖੋਂ ਸਹਿਯੋਗ ਤੇ ਮਦਦ ਕਰਦਾ ਹੈ ਅਤੇ ਉਸ ਨਾਲ ਸਿਹਤ ਸੇਵਾਵਾਂ ਤੇ ਹੋਰ ਲੋੜਾਂ ਅਨੁਸਾਰ ਚੀਜ਼ਾਂ ਸਾਂਝੀਆਂ ਵੀ ਕਰਦਾ ਹੈ ਭਾਵੇਂ ਇਹ ਕਰੋਨਾ ਮਹਾਂਮਾਰੀ ਦੌਰਾਨ ਟੀਕੇ ਹੋਣ, ਯੂਕਰੇਨ ਸੰਘਰਸ਼ ਦੌਰਾਨ ਬਾਲਣ ਅਤੇ ਭੋਜਨ ਸਹਾਇਤਾ ਹੋਵੇ ਜਾਂ ਸ੍ਰੀਲੰਕਾ ਨੂੰ ਉਸ ਦੇ ਵਿੱਤੀ ਸੰਕਟ ਦੌਰਾਨ ਚਾਰ ਬਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਹੋਵੇ।
ਪਾਕਿਸਤਾਨ ਦਾ ਨਾਮ ਲਏ ਬਿਨਾਂ ਜੈਸ਼ੰਕਰ ਨੇ ਕਿਹਾ ਕਿ ਜਦੋਂ ਮਾੜੇ ਗੁਆਂਢੀਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਆਪਣੇ ਲੋਕਾਂ ਦਾ ਬਚਾਅ ਕਰਨ ਦਾ ਪੂਰਾ ਹੱਕ ਹੈ। ਭਾਰਤ ਇਸ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਭਾਰਤ ਦੇ ਜ਼ਿਆਦਾਤਰ ਗੁਆਂਢੀ ਇਹ ਮੰਨਦੇ ਹਨ ਕਿ ਜੇਕਰ ਭਾਰਤ ਵਿਕਾਸ ਕਰ ਰਿਹਾ ਹੈ ਤਾਂ ਉਹ ਦੇਸ਼ ਵੀ ਭਾਰਤ ਦੇ ਨਾਲ ਹੀ ਵਿਕਾਸ ਕਰਨਗੇ ਪਰ ਜਦੋਂ ਗੱਲ ਅਤਿਵਾਦ ਨਾਲ ਜੁੜੇ ਰਹਿਣ ਵਾਲੇ ਮਾੜੇ ਗੁਆਂਢੀਆਂ ਦੀ ਆਉਂਦੀ ਹੈ ਤਾਂ ਭਾਰਤ ਨੂੰ ਆਪਣੇ ਲੋਕਾਂ ਦਾ ਬਚਾਅ ਕਰਨ ਦਾ ਪੂਰਾ ਹੱਕ ਹੈ ਅਤੇ ਇਸ ਲਈ ਜੋ ਵੀ ਜ਼ਰੂਰੀ ਹੋਵੇਗਾ ਭਾਰਤ ਕਰੇਗਾ। ਉਨ੍ਹਾਂ ਗੁਆਂਢੀ ਮੁਲਕ ਨੂੰ ਕਿਹਾ, ‘ਤੁਸੀਂ ਸਾਨੂੰ ਆਪਣਾ ਪਾਣੀ ਤੁਹਾਡੇ ਨਾਲ ਸਾਂਝਾ ਕਰਨ ਅਤੇ ਸਾਡੇ ਦੇਸ਼ ਵਿੱਚ ਅਤਿਵਾਦ ਫੈਲਾਉਣ ਲਈ ਬੇਨਤੀ ਨਹੀਂ ਕਰ ਸਕਦੇ।’ ਜੈਸ਼ੰਕਰ ਨੇ ਇਹ ਟਿੱਪਣੀਆਂ ਇੱਥੇ ਆਈਆਈਟੀ-ਮਦਰਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਤੋਂ ਬਚਣ ਤੇ ਦੇਸ਼ ਦੇ ਇਰਾਦੇ ਦੱਸਣ ਲਈ ਦੂਜੇ ਦੇਸ਼ਾਂ ਨਾਲ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੈ।

