ਦੇਸ਼ ’ਚ ਅਜਿਹਾ ਸਿਸਟਮ ਕਾਬਜ਼ ਜੋ ਵਿਦਿਆਰਥੀਆਂ ਨੂੰ ਸਵਾਲ ਨਹੀਂ ਪੁੱਛਣ ਦੇਣਾ ਚਾਹੁੰਦਾ: Rahul Gandhi
'Chatron Ki Goonj': ਅੰਧਭਗਤਾਂ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦੇ ਦੋਸ਼; ਇੰਦੌਰ ਵਿੱਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੋਏ ਰਾਹੁਲ ਗਾਂਧੀ
Rahul Gandhi Student Protest: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਦੇਸ਼ ਉੱਤੇ ਇੱਕ ਅਜਿਹਾ ਸਿਸਟਮ ਕਾਬਜ਼ ਹੋ ਚੁੱਕਿਆ ਹੈ ਜੋ ਨਹੀਂ ਚਾਹੁੰਦਾ ਕਿ ਵਿਦਿਆਰਥੀ ਸਵਾਲ ਕਰਨ। ਇੰਦੌਰ ਵਿੱਚ ਛਾਤਰੋਂ ਕੀ ਗੂੰਜ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਵਿਦਿਆਰਥੀ ਭਾਰਤ ਦਾ ਭਵਿੱਖ ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਦੇਸ਼ ਮਜ਼ਬੂਤ ਨਹੀਂ ਹੋ ਸਕਦਾ।
ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਅਧਿਆਪਕਾਂ ਦੇ 10 ਲੱਖ ਅਹੁਦੇ ਖਾਲੀ ਪਏ ਹਨ ਅਤੇ ਯੂ ਪੀ ਤੇ ਐੱਮ ਪੀ ਵਿੱਚ 55 ਫੀਸਦੀ ਸਮੇਤ ਕੁੱਲ 1 ਲੱਖ ਸਕੂਲ ਬੰਦ ਕੀਤੇ ਜਾ ਚੁੱਕੇ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਸ਼ਲ ਮੀਡੀਆ ਸਣੇ ਸਭ ਕੁਝ ਕੰਟਰੋਲ ਕਰ ਰਹੇ ਹਨ ਅਤੇ ਜਾਸੂਸੀ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀ ਸਿਸਟਮ, ਅਡਾਨੀ, ਅੰਬਾਨੀ, ਜੈ ਸ਼ਾਹ ਅਤੇ ਹੋਰਨਾਂ ਬਾਰੇ ਸਵਾਲ ਪੁੱਛਦੇ ਹਨ ਪਰ ਅੰਧਭਗਤ ਉਨ੍ਹਾਂ ਦਾ ਵਿਰੋਧ ਕਰਦੇ ਹਨ।
ਮੱਧ ਪ੍ਰਦੇਸ਼ ਵਿੱਚ ਭਰਤੀ ਵਿਵਾਦ, ਵਿਦਿਆਰਥੀਆਂ ਦੀਆਂ ਮੁਸ਼ਕਲਾਂ ਅਤੇ ਸਮਰਥਨ ਦਾ ਐਲਾਨ
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮੱਧ ਪ੍ਰਦੇਸ਼ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ 13 ਫੀਸਦੀ ਕੋਟੇ ਉੱਤੇ ਰੋਕ ਲੱਗਣ ਦਾ ਮੁੱਦਾ ਚੁੱਕਿਆ। ਇੱਕ ਲੜਕੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਓ.ਬੀ.ਸੀ. (OBC) ਰਾਖਵੇਂਕਰਨ ਨੂੰ ਲੈ ਕੇ ਕਾਨੂੰਨੀ ਵਿਵਾਦ ਕਾਰਨ 13 ਫੀਸਦੀ ਨਿਯੁਕਤੀਆਂ ਹੋਲਡ 'ਤੇ ਰੱਖੇ ਜਾਣ ਕਾਰਨ ਉਸ ਵਰਗੇ ਕਈ ਉਮੀਦਵਾਰ ਐੱਮ.ਪੀ. ਸਰਕਾਰੀ ਪ੍ਰੀਖਿਆਵਾਂ ਪਾਸ ਕਰਨ ਦੇ ਬਾਵਜੂਦ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ 13 ਫੀਸਦੀ ਕੋਟੇ ਦਾ ਮੁੱਦਾ ਰਾਜ ਦੀਆਂ ਸਰਕਾਰੀ ਭਰਤੀਆਂ ਵਿੱਚ ਵਰਤੇ ਜਾਂਦੇ ਵਿਵਾਦਤ 87:13 ਫਾਰਮੂਲੇ ਨਾਲ ਸਬੰਧਤ ਹੈ।
ਦੇਵਾਸ ਦੇ ਇੱਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਐੱਮ.ਪੀ.ਪੀ.ਐੱਸ.ਸੀ. (MPPSC) ਵਿੱਚ ਬੇਨੇਮੀਆਂ ਨੂੰ ਉਜਾਗਰ ਕੀਤਾ ਤਾਂ ਉਸ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਇਸ ਦੌਰਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿੱਚ ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੀ ਪੇਸ਼ਕਸ਼ ਵੀ ਕੀਤੀ।
Education System ਨੌਜਵਾਨ ਪੀੜ੍ਹੀ ਨੂੰ ਅਸਫ਼ਲ ਕਰ ਰਿਹੈ: Rahul Gandhi

