ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ‘ਗਦਰੀ ਗੁਲਾਬ ਕੌਰ ਨਗਰ’ ਦੀ ਸਟੇਜ ਦੀ ਕਾਰਵਾਈ ਅੱਜ ਔਰਤਾਂ ਨੇ ਸਿਰਾਂ ’ਤੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਬਾਖ਼ੂਬੀ ਨਿਭਾਈ। ਸਟੇਜ ਤੋਂ ਮੋਗੇ ਜ਼ਿਲ੍ਹੇ ਦੇ ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਨੇ ਕਿਹਾ ਕਿ ਮੋਦੀ ਸਰਕਾਰ 1991 ਦੇ ਸਮਝੌਤੇ ਅਨੁਸਾਰ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਫੰਡ ਅਤੇ ਵਿਸ਼ਵ ਬੈਂਕ ਦੇ ਕਹਿਣ ’ਤੇ ਸਾਡੇ ਉੱਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਥੋਪ ਕੇ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਇਨ੍ਹਾਂ ਨੀਤੀਆਂ ਕਰਕੇ ਹੀ ਸਾਡੇ ਦੇਸ਼ ’ਤੇ 162 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੈ ਅਤੇ ਕਿਸਾਨੀ ਸਿਰ ਲਗਭਗ 1 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੈ। ਇਹ ਨੀਤੀਆਂ ਇਕੱਲੇ ਕਿਸਾਨਾਂ ਲਈ ਮਾਰੂ ਨਹੀਂ, ਸਗੋਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਸਾਰੇ ਕਿਰਤੀਆਂ ਲਈ ਮਾਰੂ ਹਨ। ਇਨ੍ਹਾਂ ਨੀਤੀਆਂ ’ਤੇ ਚੱਲਦਿਆਂ ਹੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਦੇਸ਼ ਦੇ ਮਾਲ ਖ਼ਜ਼ਾਨੇ, ਜਲ ਜੰਗਲ, ਜ਼ਮੀਨ ਅਤੇ ਜਨਤਕ ਅਦਾਰਿਆਂ ’ਤੇ ਕਬਜ਼ਾ ਕਰਾਉਣ ਲਈ ਨਵੇਂ ਨਵੇਂ ਕਾਨੂੰਨ ਬਣਾ ਰਹੀ ਹੈ। ਆਗੂਆਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਅਸਫ਼ਲ ਕਰਨ ਦੀਆਂ ਫੇਲ੍ਹ ਹੋਈਆਂ ਚਾਲਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਕਰੋਨਾ ਦੀ ਆੜ ਵਿੱਚ ਆਪਰੇਸ਼ਨ ਕਲੀਨ ਦੇ ਨਾਂ ਹੇਠ ਅੰਦੋਲਨ ਨੂੰ ਸਖ਼ਤੀ ਨਾਲ ਉਠਾਉਣ ਲਈ ਡਰਾਉਣ ਦਾ ਭੁਲੇਖਾ ਪਾਲ ਰਹੀ ਹੈ ਕਿਉਂਕਿ ਹੁਣ ਇਹ ਅੰਦੋਲਨ ਪੂਰੇ ਦੇਸ਼ ਦਾ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਨੂੰ ਕਿਸਾਨ ਅੰਦੋਲਨ ਨਾਲ ਪੰਗਾ ਲੈਣਾ ਬਹੁਤ ਮਹਿੰਗਾ ਪਵੇਗਾ ਅਤੇ ਭਲਾ ਇਸ ਗੱਲ ਵਿੱਚ ਹੀ ਹੈ ਕਿ ਕਾਲੇ ਕਾਨੂੰਨ ਰੱਦ ਕਰ ਕੇ ਸਾਰੇ ਰਾਜਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ ’ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਸੰਵਿਧਾਨਕ ਗਾਰੰਟੀ ਕੀਤੀ ਜਾਵੇ।
ਬਠਿੰਡ ਜ਼ਿਲ੍ਹੇ ਦੇ ਔਰਤ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਵਿੱਚ ਦਿੱਲੀ ਮੋਰਚੇ ਨੂੰ ਅਸੀਂ ਮਾਵਾਂ-ਭੈਣਾਂ ਨੇ ਸਾਂਭਿਆ ਹੋਇਆ ਹੈ। ਜਦ ਤੱਕ ਸਾਡੇ ਵੀਰ ਹਾੜ੍ਹੀ ਦੀ ਫ਼ਸਲ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਕੰਮ ਪੂਰੀ ਤਰ੍ਹਾਂ ਖਤਮ ਕਰ ਕੇ ਮੁੜ ਮੋਰਚੇ ਵਿੱਚ ਨਹੀਂ ਆਉਂਦੇ, ਉਦੋਂ ਤੱਕ ਅਸੀਂ ਮੋਰਚੇ ਨੂੰ ਸੰਭਾਲਾਂਗੇ, ਨਾਲ ਹੀ ਉਨ੍ਹਾਂ ਕਿਹਾ ਅਸੀਂ ਪੰਜਾਬ ਵਿੱਚ ਹੋਰ ਭੈਣਾਂ ਨੂੰ ਸੁਨੇਹਾ ਲਾਇਆ ਹੈ ਤੇ ਵੱਡੀ ਗਿਣਤੀ ਵਿੱਚ ਹੋਰ ਭੈਣਾਂ ਮੋਰਚੇ ਵਿੱਚ ਬਹੁਤ ਜਲਦੀ ਸ਼ਾਮਲ ਹੋ ਰਹੀਆਂ ਹਨ ਤੇ ਸਾਡੀ ਪੰਜਾਬ ਦੀ ਕਮੇਟੀ ਲਗਾਤਾਰ ਭੈਣਾਂ ਨੂੰ ਦਿੱਲੀ ਮੋਰਚੇ ਵਿੱਚ ਭੇਜਣ ਦਾ ਕੰਮ ਤਸੱਲੀਬਖ਼ਸ਼ ਕਰ ਰਹੀ ਹੈ।
ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਮੋਰਚੇ ਵਿੱਚ 26 ਨਵੰਬਰ ਤੋਂ ਸ਼ਾਮਲ ਔਰਤਾਂ ਦੀ ਤਸੱਲੀਬਖਸ਼ ਸ਼ਮੂਲੀਅਤ ਦੀ ਸ਼ਲਾਘਾ ਅਤੇ ਹੋਰ ਭੈਣਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਟੇਜ ਤੋਂ ਬਲਜਿੰਦਰ ਕੌਰ, ਭਰਪੂਰ ਕੌਰ, ਸਤਬੀਰ ਕੌਰ, ਰਾਜ ਕੌਰ ਸਰਬਜੀਤ ਕੌਰ, ਮਹਿੰਦਰ ਕੌਰ, ਸੁਖਵਿੰਦਰ ਕੌਰ ਅਤੇ ਨਸੀਬ ਕੌਰ ਨੇ ਵੀ ਸੰਬੋਧਨ ਕੀਤਾ।