ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਇੱਥੇ ਅੱਜ ਦਿੱਲੀ ਅਤੇ ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ, ਜਿਸ ਨਾਲ ਮੌਸਮ ਖੁਸ਼ਗਵਾਰ ਹੋ ਗਿਆ।
ਮੌਸਮ ਅਨੁਸਾਰ ਵੀਰਵਾਰ ਦੁਪਹਿਰ ਨੂੰ ਬਾਰਿਸ਼ ਨੇ ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਨੂੰ ਭਿਉਂ ਦਿੱਤਾ। ਕੌਮੀ ਰਾਜਧਾਨੀ ਦੇ ਜਿਨ੍ਹਾਂ ਇਲਾਕਿਆਂ ਵਿਚ ਅੱਜ ਮੀਂਹ ਪਿਆ ਉਨ੍ਹਾਂ ਵਿੱਚ ਜਹਾਂਗੀਰਪੁਰੀ, ਮਾਡਲ ਟਾਊਨ, ਬੁਰਾੜੀ, ਕਰਾਵਲ ਨਗਰ, ਬਵਾਨਾ ਆਦਿ ਸ਼ਾਮਲ ਹਨ। ਦਿੱਲੀ ਵਿੱਚ ਅੰਸ਼ਕ ਤੌਰ ’ਤੇ ਬੱਦਲ ਛਾਏ ਹੋਏ ਸਨ ਤੇ ਠੰਢੀਆਂ ਹਵਾਵਾਂ ਨੇ ਗੰਧਲੇ ਹਾਲਾਤ ਤੋਂ ਰਾਹਤ ਦਿੱਤੀ। ਮੀਂਹ ਤੇ ਹਵਾਵਾਂ ਕਾਰਨ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਜੋ ਕਿ ਔਸਤ ਨਾਲੋਂ ਇੱਕ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਦਿੱਲੀ ਵਿੱਚ ਬੁੱਧਵਾਰ ਨੂੰ ਸਵੇਰੇ 8.30 ਵਜੇ ਤੋਂ ਵੀਰਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 13.4 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਅੱਗੇ ਵੀ ਦਿੱਲੀ-ਐੱਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਉੱਤਰੀ ਦਿੱਲੀ, ਉੱਤਰ-ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ, ਪੂਰਬੀ ਦਿੱਲੀ, ਕਰਨਾਲ, ਰੋਹਤਕ, ਖਰਖੋਦਾ, ਝੱਜਰ, ਸਹਾਰਨਪੁਰ, ਗੰਗੋਹ, ਦੇਵਬੰਦ, ਨਜ਼ੀਬਾਬਾਦ, ਸ਼ਾਮਲੀ ਦੇ ਵੱਖ-ਵੱਖ ਸਥਾਨਾਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਅਗਸਤ ਵਿੱਚ ਬਾਰਿਸ਼ ਦੀ ਵੱਡੀ ਘਾਟ ਤੋਂ ਬਾਅਦ, ਸਤੰਬਰ ਵਿੱਚ ਹੁਣ ਤੱਕ ਦਿੱਲੀ ਅਤੇ ਗੁਆਂਢੀ ਖੇਤਰਾਂ ਵਿੱਚ ਮਾਨਸੂਨ ਸੁਸਤ ਹੀ ਰਹੀ ਹੈ।