ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਅੱਜ ਯੂਪੀਐੱਸਸੀ ਸੀਐੱਸਈ ਪ੍ਰੀ-ਲਿਮਨਰੀ ਪੇਪਰ 1 ਅਤੇ ਪੇਪਰ 2 ਦੀ ਪ੍ਰੀਖਿਆ ਲਈ। ਜੀਐੱਸ ਪੇਪਰ-1 ਦੀ ਪ੍ਰੀਖਿਆ ਯੂਪੀਐੱਸੀ ਕੇਂਦਰ ਵਿੱਚ ਸਵੇਰੇ 9.30 ਵਜੇ ਤੋਂ ਦੁਪਹਿਰ 11.30 ਵਜੇ ਤੱਕ ਲਈ ਗਈ। ਪ੍ਰੀਖਿਆਰਥੀਆਂ ਨੇ ਦੂਜੇ ਸੈਸ਼ਨ ਵਿੱਚ 2.30 ਤੋਂ 4.30 ਵਜੇ ਤੱਕ ਪੇਪਰ-2 ਦੀ ਪ੍ਰੀਖਿਆ ਦਿੱਤੀ। ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਜਿਸ ਨੂੰ ਜਨਰਲ ਸਟੱਡੀਜ਼ ਪੇਪਰ-2 ਵੀ ਕਿਹਾ ਜਾਂਦਾ ਹੈ, ਸਿਵਲ ਸਰਵਿਸਿਜ਼ ਦੇ ਉਮੀਦਵਾਰਾਂ ਦੇ ਹੁਨਰ, ਤਰਕ ਦੀ ਯੋਗਤਾ ਦੀ ਜਾਂਚ ਕਰਦਾ ਹੈ। ਯੂਪੀਐੱਸਸੀ ਪ੍ਰੀ-ਲਿਮਨਰੀ ਪੇਪਰ-2 ਵਿੱਚ 80 ਸਵਾਲ ਸਨ। ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਉਮੀਦਵਾਰਾਂ ਨੂੰ ਪੂਰੇ 2 ਘੰਟੇ ਦਿੱਤੇ ਗਏ ਸਨ। ਇਸ ਦੀ ਮੈਰਿਟ ‘ਚ ਆਉਣ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 33 ਫ਼ੀਸਦ ਸਕੋਰ ਕਰਨ ਦੀ ਲੋੜ ਹੁੰਦੀ ਹੈ। ਉਮੀਦਵਾਰਾਂ ਦੀਆਂ ਪ੍ਰਤੀਕਿਰਿਆਵਾਂ ਦੇ ਅਨੁਸਾਰ ਪੇਪਰ-2 ਔਖਾ ਸੀ। ਕਈ ਸਵਾਲ ਪੜ੍ਹਨ ਲਈ ਲੰਮੇ ਸਨ। ਵਿਦਿਆਰਥੀਆਂ ਦੇ ਪ੍ਰਤੀਕਰਮਾਂ ਦੇ ਅਨੁਸਾਰ ਜ਼ਿਆਦਾਤਰ ਪ੍ਰਸ਼ਨ ਮੌਜੂਦਾ ਮਾਮਲਿਆਂ ‘ਤੇ ਆਧਾਰਿਤ ਸਨ। ਯੂਪੀਐੱਸੀ ਦੀ ਤੀਜੀ ਵਾਰ ਕੋਸ਼ਿਸ਼ ਕਰ ਰਹੇ ਰੋਹਿਤ ਪਾਂਡੇ ਨੇ ਇਸ ਸਾਲ ਦੇ ਪੇਪਰ-2 ਵਿੱਚ ਸਵਾਲਾਂ ਦਾ ਇੱਕ ਵੱਖਰਾ ਪੈਟਰਨ ਦੇਖਿਆ। ਉਸ ਅਨੁਸਾਰ ਪੜ੍ਹਨ ਦੀ ਸਮਝ ਵਾਲਾ ਭਾਗ ਲੰਮਾ ਸੀ ਪਰ ਔਖਾ ਨਹੀਂ ਸੀ।