ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਦੀਆਂ ਸਾਰੀਆਂ ਖੇਡ ਸਰਗਰਮੀਆਂ ਲਈ ਖਿਡਾਰੀਆਂ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਰਾਤ ਦੇ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਸ੍ਰੀ ਸਿਸੋਦੀਆ ਵੱਲੋਂ ਇਹ ਫ਼ੈਸਲਾ ਇੱਕ ਰਿਪੋਰਟ ਦੇ ਆਧਾਰ ਉਪਰ ਲਿਆ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਦਿੱਲੀ ਸਰਕਾਰ ਅਧੀਨ ਚੱਲਦੇ ਤਿਆਗਰਾਜ ਸਟੇਡੀਅਮ ਵਿੱਚ ਅਥਲੀਟਾਂ ਤੇ ਕੋਚਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸ਼ਾਮ ਦੇ 7 ਵਜੇ ਮਗਰੋਂ ਸਿਖਲਾਈ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਦਿੱਲੀ ਦੇ ਪ੍ਰਮੁੱਖ ਸਕੱਤਰ (ਮਾਲੀਆ) ਸੰਜੀਵ ਖੀਰਵਾਰ ਵੱਲੋਂ ਇੱਥੇ ਆਪਣੇ ਕੁੱਤੇ ਨਾਲ ਸੈਰ ਕਰਨੀ ਹੁੰਦੀ ਹੈ। ਹਾਲਾਂ ਕਿ ਖਿਡਾਰੀਆਂ ਨੂੰ ਸਮੇਂ ਤੋਂ ਪਹਿਲਾਂ ਜਾਣਾ ਪੈਂਦਾ ਸੀ। ਸ੍ਰੀ ਸਿਸੋਦੀਆ ਨੇ ਟਵੀਟ ਕਰਕੇ ਦੱਸਿਆ ਕਿ ਖ਼ਬਰਾਂ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕੁੱਝ ਖੇਡ ਸਹੂਲਤਾਂ ਛੇਤੀ ਬੰਦ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਦੇਰ ਰਾਤ ਖੇਡਣ ਵਾਲੇ ਖਿਡਾਰੀਆਂ ਨੂੰ ਔਖ ਹੁੰਦੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਹੁਕਮ ਦਿੱਤਾ ਹੈ ਕਿ ਦਿੱਲੀ ਸਰਕਾਰ ਦੀਆਂ ਸਾਰੀਆਂ ਖੇਡ ਸਹੂਲਤਾਂ ਖਿਡਾਰੀਆਂ ਲਈ ਰਾਤ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨੇ ਖ਼ਬਰਾਂ ਦੀ ਰਿਪੋਰਟ ਦਾ ਨੋਟਿਸ ਲਿਆ ਹੈ ਅਤੇ ਕੇਜਰੀਵਾਲ ਨੇ ਕਿਹਾ ਕਿ ਖਿਡਾਰੀਆਂ ਨੂੰ ਸਿਖਲਾਈ ਸਹੂਲਤਾਂ ਦੀ ਘਾਟ ਲਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਦਿੱਲੀ ਭਾਜਪਾ ਨੇ ਖੀਰਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਐਲਜੀ ਅਤੇ ਕੇਜਰੀਵਾਲ ਨੂੰ ਅਧਿਕਾਰੀ ਵਿਰੁੱਧ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ। ਕਪੂਰ ਨੇ ਕਿਹਾ ਕਿ ਇੱਕ ਸੀਨੀਅਰ ਅਧਿਕਾਰੀ ਵੱਲੋਂ ਆਪਣੇ ਕੁੱਤੇ ਨਾਲ ਰੋਜ਼ਾਨਾ ਸੈਰ ਕਰਨ ਲਈ ਸਟੇਡੀਅਮ ਨੂੰ ਰਿਜ਼ਰਵ ਕਰਨ ਲਈ ਆਪਣੀ ਪ੍ਰਸ਼ਾਸਨਿਕ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਮਾਮਲਾ ਬਹੁਤ ਗੰਭੀਰ ਹੈ। ਆਈਏਐਸ ਅਧਿਕਾਰੀ ਨੇ ਰਿਪੋਰਟਾਂ ਨੂੰ ਖਾਰਜ ਕੀਤਾ ਹੈ।