ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਜਮਹੂਰੀ ਅਧਿਕਾਰ ਸਭਾ ਵੱਲੋਂ ਸਿੰਘੂ ਤੇ ਟਿਕਰੀ ਬਾਰਡਰਾਂ ਬਾਰੇ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਵਿੱਚ ਮਨੁੱਖੀ ਹੱਕਾਂ ਦੇ ‘ਦਿੱਲੀ ਚੱਲੋ’ ਅੰਦੋਲਨ ਦੌਰਾਨ ਕੀਤੇ ਗਏ ਘਾਣ ਦਾ ਜ਼ਿਕਰ ਕੀਤਾ ਜਾਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਨਿਰਭਿੰਦਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਦਿੱਲੀ ਚੱਲੋ ਸ਼ਾਂਤਮਈ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਨੇ ਠੰਢ ਦੇ ਮੌਸਮ ਵਿੱਚ ਜਲ ਤੋਪਾਂ ਨਾਲ ਪਾਣੀ ਦੀਆਂ ਤੇਜ਼ ਬੁਛਾੜਾਂ ਮਾਰੀਆਂ ਤੇ ਲਾਠੀਚਾਰਜ ਕੀਤੇ। ਇਸੇ ਤਰ੍ਹਾਂ ਕਿਸਾਨਾਂ ਨਾਲ ਹੋਏ ਜਬਰ ਨੂੰ ਵੀ ਇਸ ਰਿਪੋਰਟ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਨਿਰਭਿੰਦਰ ਸਿੰਘ ਨੇ ਦੱਸਿਆ ਕਿ ਠੰਢੀਆਂ ਰਾਤਾਂ ਵਿੱਚ ਸੜਕਾਂ ਕਿਨਾਰੇ ਬੈਠੇ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ। ਜਮਹੂਰੀ ਅਧਿਕਾਰ ਸਭਾ ਦੀ ਇਸ ਰਿਪੋਰਟ ਵਿੱਚ ‘ਪੀਯੂਡੀਆਰ’ ਵੀ ਮਦਦ ਕਰ ਰਹੀ ਹੈ।