ਗੁਲਾਬੀ ਬੂਥ ਬਣੇ ਖਿੱਚ ਦਾ ਕੇਂਦਰ : The Tribune India

ਗੁਲਾਬੀ ਬੂਥ ਬਣੇ ਖਿੱਚ ਦਾ ਕੇਂਦਰ

ਗੁਲਾਬੀ ਬੂਥ ਬਣੇ ਖਿੱਚ ਦਾ ਕੇਂਦਰ

ਪੱਛਮੀ ਦਿੱਲੀ ਦੇ ਕ੍ਰਿਸ਼ਨਾ ਨਗਰ ਬੂਥ ਦੇ ਬਾਹਰ ਖੜ੍ਹੇ ਵੋਟਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 4 ਦਸੰਬਰ

ਵੋਟਰਾਂ ਦਾ ਸੁਆਗਤ ਕਰਨ ਲਈ ਪ੍ਰਸ਼ਾਸਨ ਵੱਲੋਂ ਚਾਈਲਡ ਕੇਅਰ ਸਹੂਲਤਾਂ, ਸੈਲਫੀ ਕਿਓਸਕ, ਲਾਉਂਜ ਅਤੇ ਕੈਂਡੀਜ਼ ਨਾਲ ਚੋਣ ਬੂਥਾਂ ਨੂੰ ਸਜਾਇਆ ਗਿਆ। ਐਤਵਾਰ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀਆਂ ਚੋਣਾਂ ਵਿੱਚ ਇੱਕ ਆਰਾਮਦਾਇਕ ਵੋਟਿੰਗ ਅਨੁਭਵ ਪ੍ਰਦਾਨ ਕਰਨ ਲਈ ਗੁਲਾਬੀ ਬੂਥਾਂ ਅਤੇ ਮਾਡਲ ਪੋਲਿੰਗ ਬੂਥਾਂ ਨੂੰ ਸਜਾਇਆ ਗਿਆ। 250 ਵਾਰਡਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5:30 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਦਿੱਲੀ ਰਾਜ ਚੋਣ ਕਮਿਸ਼ਨ ਨੇ 68 ਗੁਲਾਬੀ ਬੂਥ ਅਤੇ ਇੰਨੇ ਹੀ ਮਾਡਲ ਪੋਲਿੰਗ ਸਟੇਸ਼ਨ ਬਣਾਏ ਹਨ। ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਵਿਖੇ ਗੁਬਾਰਿਆਂ ਨਾਲ ਸਜੇ ਹੋਏ ਗੁਲਾਬੀ ਬੂਥ ’ਤੇ ਆਲ-ਫੀਮੇਲ ਸਟਾਫ ਦਾ ਪ੍ਰਬੰਧ ਕੀਤਾ ਗਿਆ, ਵੋਟਰ ਮੋਮੀਨਾ ਰਸ਼ੀਦ ਨੇ ਕਿਹਾ, ‘‘ਇਹ ਬੜੀ ਖੁਸ਼ੀ ਦੀ ਗੱਲ ਹੈ। ਨਾਲ ਹੀ, ਵੋਟਿੰਗ ਆਸਾਨ ਹੋ ਗਈ ਹੈ।’’ ਉਸ ਨੇ ਕਿਹਾ, ‘‘ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਲੋੜ ਹੈ। ਸਾਡੇ ਦਿਮਾਗ ਵਿੱਚ ਜੋ ਮੁੱਦੇ ਹਨ, ਉਹ ਸੜਕਾਂ ਅਤੇ ਡਰੇਨੇਜ਼ ਦੀ ਤਰਸਯੋਗ ਹਾਲਤ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਖੇਤਰ ਦੀ ਸਫਾਈ ਹੋਵੇ।’’ ਗੁਲਾਬੀ ਬੂਥ ਕੰਪਲੈਕਸ ਦੇ ਅੰਦਰ ਅਤੇ ਬਾਹਰ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਬਿਨਾਂ ਕਿਸੇ ਮੁਸ਼ਕਲ ਦੇ ਵੋਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਸੈਲਫੀ ਪੁਆਇੰਟਾਂ ਨੇ ਵੋਟਰਾਂ ਨੂੰ ਵੀ ਆਕਰਸ਼ਿਤ ਕੀਤਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀ ਵੋਟ ਪਾਉਣ ਤੋਂ ਬਾਅਦ ਤਸਵੀਰਾਂ ਕਲਿੱਕ ਕਰਦੇ ਦੇਖੇ ਗਏ। ਐਸਈਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਗੁਲਾਬੀ ਬੂਥਾਂ ਵਿੱਚ ਨਰਸਿੰਗ ਮਾਵਾਂ ਲਈ ਭੋਜਨ ਕਰਨ ਲਈ ਕਮਰਾ, ਵੋਟਰਾਂ ਦੇ ਨਾਲ ਆਉਣ ਵਾਲੇ ਛੋਟੇ ਬੱਚਿਆਂ ਲਈ ਇੱਕ ਕ੍ਰੈੱਚ ਸਹੂਲਤ, ਬੱਚਿਆਂ ਲਈ ਝੂਲੇ ਤੇ ਸਜਾਏ ਗਏ ਸੈਲਫੀ ਕਿਓਸਕ ਹਨ।” ਪਿੰਕ ਬੂਥ ਦੇ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਸਹੂਲਤਾਂ ਅਤੇ ਸਫਾਈ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All