ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦਿੱਲੀ ਦੇ ਸਮੂਹ ਕੌਂਸਲਰਾਂ ਨਾਲ ਮਿਲ ਕੇ ਡਰਾਈਵਰਾਂ ਨੂੰ ਰੈੱਡਲਾਈਟ ਆਨ, ਗੱਡੀ ਆਫ਼ ਮੁਹਿੰਮ ਤਹਿਤ ਬਾਰਖਾਂਭਾ ਰੋਡ ਦੇ ਟ੍ਰੈਫਿਕ ਸਿਗਨਲ ਬਾਰੇ ਜਾਗਰੂਕ ਕੀਤਾ। ਲਾਲ ਬੱਤੀ ’ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਰੋਕਣ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਯੋਗਦਾਨ ਪਾਉਣ ਤੇ ਫਾਇਦਿਆਂ ਬਾਰੇ ਵੀ ਦੱਸਿਆ। ਵਾਤਾਵਰਨ ਮੰਤਰੀ ਨੇ ਕਿਹਾ ਕਿ 2 ਨਵੰਬਰ ਨੂੰ ਦਿੱਲੀ ਸਰਕਾਰ ਨੇ ਐੱਮਸੀਡੀ ਦੇ ਸਾਰੇ 272 ਵਾਰਡਾਂ ਵਿੱਚ ਰੈੱਡਲਾਈਨ ਆਨ, ਗੱਡੀ ਆਫ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। 26 ਅਕਤੂਬਰ ਨੂੰ ਇਹ ਮੁਹਿੰਮ ਦਿੱਲੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ। ਦਿੱਲੀ ਸਰਕਾਰ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਦਿੱਲੀ ਵਿੱਚ 13 ਪ੍ਰਦੂਸ਼ਣ ਕੇਂਦਰਾਂ ਦੀ ਵੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਰੋਕਥਾਮ ਕਮੇਟੀ (ਡੀਪੀਸੀਸੀ) ਵੱਲੋਂ ਜ਼ਮੀਨੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਸਾਡੇ ਕੋਲ 13 ‘ਹੌਟ ਸਪੌਟ’ ਹਨ ਉਨ੍ਹਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ। ਪਰਾਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੰਪੋਸਸਰ ਘੋਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਕੈਲਾਸ਼ ਗਹਿਲੋਤ ਵੱਲੋਂ ਇਲੈਕਟ੍ਰਿਕ ਵਾਹਨ ਨੀਤੀ ਪੋਰਟਲ ਦੀ ਸ਼ੁਰੂਆਤ
ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਇਲੈਕਟ੍ਰਿਕ ਵਾਹਨ ਨੀਤੀ ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਨਾਲ ਇਲੈਕਟ੍ਰਿਕ ਵਾਹਨ ਖਰੀਦਦਾਰਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਨੀਤੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ‘ਜੰਗ ਪ੍ਰਦੂਸ਼ਣ ਵਿਰੁੱਧ’ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ‘ਈਵੀ ਡੀਲਰ ਈਵੀ-ਦਿਲੀ-ਗਵਰ-ਇਨ’ ਵਿੱਚ ਲੌਗਇਨ ਕਰਕੇ ਸਬਸਿਡੀ ਲਈ ਅਰਜ਼ੀ ਦੇ ਸਕਦੇ ਹਨ। ਸਾਰੀ ਪ੍ਰਕਿਰਿਆ ਸਧਾਰਣ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਪਹਿਲਾਂ ਹੀ ਇਲੈਕਟ੍ਰਿਕ ਵਾਹਨਾਂ ਦੇ 100 ਤੋਂ ਵੱਧ ਮਾਡਲਾਂ ਨੂੰ ਮਨਜ਼ੂਰੀ ਦੇ ਚੁੱਕੀ ਹੈ। ਹੁਣ ਤੱਕ 36 ਨਿਰਮਾਤਾਵਾਂ ਨੇ ਇਲੈਕਟ੍ਰਿਕ ਵਾਹਨ ਨੀਤੀ ਦੇ ਤਹਿਤ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ। ਪੂਰੇ ਨੈਟਵਰਕ ਵਿੱਚ ਪਹਿਲਾਂ ਹੀ 98 ਡੀਲਰ ਸ਼ਾਮਲ ਹੋਏ ਹਨ। ਦਿੱਲੀ ਸਰਕਾਰ ਦੁਆਰਾ ਮਨਜ਼ੂਰ ਕੀਤੇ 100 ਮਾਡਲਾਂ ਵਿਚ 14 ਦੁਪਹੀਆ ਵਾਹਨ, 45 ਮਾਡਲਾਂ ਦੇ ਈ-ਰਿਕਸ਼ਾ ਤੇ 14 ਦੋ ਪਹੀਏ ਵਾਹਨ ਹਨ।