ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਅੱਜ ਦਿੱਲੀ ਪੁਲੀਸ ਨੂੰ ਕਾਂਜਾਵਾਲਾ ਵਿੱਚ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਸਕੂਲ ਵਿੱਚ ਆਰਜ਼ੀ ਜੇਲ੍ਹ ਬਣਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਪਹਿਲਵਾਨਾਂ ਵੱਲੋਂ ਬੁਲਾਈ ਗਈ ਮਹਿਲਾ ਮਹਾਪੰਚਾਇਤ ਵਿੱਚ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਇਹ ਮੰਗ ਕੀਤੀ ਗਈ ਸੀ। ਬਾਹਰੀ ਉੱਤਰੀ ਜ਼ਿਲ੍ਹੇ ਦੇ ਡੀਸੀਪੀ ਨੇ ਡਿਪਟੀ ਕਮਿਸ਼ਨਰ ਤੇ ਐੱਮਸੀਡੀ ਨੂੰ ਪੱਤਰ ਲਿਖ ਕੇ ਐੱਮਸੀ ਪ੍ਰਾਇਮਰੀ ਗਰਲਜ਼ ਸਕੂਲ, ਕਾਂਜਾਵਾਲਾ ਰੋਡ, ਪੁਰਾਣਾ ਬਵਾਨਾ ਵਿੱਚ ਇੱਕ ਆਰਜ਼ੀ ਜੇਲ੍ਹ ਬਣਾਉਣ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਬਾਅਦ ਮੇਅਰ ਨੇ ਇੱਕ ਅਧਿਕਾਰਤ ਨੋਟਿਸ ਜਾਰੀ ਕਰ ਕੇ ਮੰਗ ਨੂੰ ਰੱਦ ਕਰ ਦਿੱਤਾ। ਆਪਣੇ ਨੋਟਿਸ ਵਿੱਚ ਮੇਅਰ ਨੇ ਕਿਹਾ ਕਿ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦਿੱਲੀ ਪੁਲੀਸ ਦੁਆਰਾ 27 ਮਈ ਨੂੰ ਐੱਮਸੀਡੀ ਦੇ ਡਿਪਟੀ ਕਮਿਸ਼ਨਰ (ਉੱਤਰੀ) ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਵਿੱਚ ਐੱਮਸੀ ਪ੍ਰਾਇਮਰੀ ਗਰਲਜ਼ ਸਕੂਲ, ਕਾਂਜਾਵਾਲਾ ਚੌਕ ‘ਚ ਇੱਕ ਆਰਜ਼ੀ ਜੇਲ੍ਹ ਬਣਾਉਣ ਲਈ ਕਿਹਾ ਗਿਆ ਸੀ। ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ।