ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਨੇ ਕਮਰ ਕੱਸੀ
ਵਾਤਾਵਰਨ ਮੰਤਰੀ ਸਿਰਸਾ ਨੇ 13 ਮੁੱਖ ਪ੍ਰਦੂਸ਼ਣ ਕੇਂਦਰਾਂ ਦਾ ਕੀਤਾ ਦੌਰਾ; ਹਵਾ ਗੁਣਵੱਤਾ ਨਿਗਰਾਨ ਪ੍ਰਣਾਲੀ ਦਾ ਲਿਆ ਜਾਇਜ਼ਾ
ਕੌਮੀ ਰਾਜਧਾਨੀ ਵਿੱਚ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਕਮਰ ਕੱਸ ਲਈ ਹੈ। ਇਸ ਤਹਿਤ ਅੱਜ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਨੰਦ ਵਿਹਾਰ ਵਿੱਚ ਪ੍ਰਦੂਸ਼ਣ ਰੋਕਥਾਮ ਉਪਾਵਾਂ ਅਤੇ ਹਵਾ ਗੁਣਵੱਤਾ ਨਿਗਰਾਨੀ ਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਦੌਰਾਨ ਮੰਤਰੀ ਸਿਰਸਾ ਨੇ ਦੱਸਿਆ ਕਿ ਸ਼ਹਿਰ ਵਿੱਚ 13 ਮੁੱਖ ਪ੍ਰਦੂਸ਼ਣ ਕੇਂਦਰ (ਹੌਟਸਪੌਟ) ਹਨ, ਜਿੱਥੇ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਆਨੰਦ ਵਿਹਾਰ ਤੋਂ ਬਾਅਦ ਅਸੀਂ ਸ਼ਾਲੀਮਾਰ ਬਾਗ ਅਤੇ ਅਸ਼ੋਕ ਵਿਹਾਰ ਦਾ ਵੀ ਦੌਰਾ ਕਰਾਂਗੇ। ਸਾਡਾ ਟੀਚਾ ਇਨ੍ਹਾਂ ਖੇਤਰਾਂ ਵਿੱਚ ਆਵਾਜਾਈ ਜਾਮ, ਖਰਾਬ ਸੜਕਾਂ ਅਤੇ ਧੂੜ ਦੀ ਸਮੱਸਿਆ ਨੂੰ ਹੱਲ ਕਰਨਾ ਹੈ।’ ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵੱਲੋਂ 400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਿਰਸਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਪ੍ਰਦੂਸ਼ਣ ਦੇ ਤਿੰਨ ਮੁੱਖ ਕਾਰਨਾਂ - ਬਹੁਤ ਜ਼ਿਆਦਾ ਆਵਾਜਾਈ, ਗਲਤ ਆਵਾਜਾਈ ਪ੍ਰਬੰਧਨ, ਅਤੇ ਟੁੱਟੀਆਂ ਸੜਕਾਂ ਤੋਂ ਉੱਡਦੀ ਧੂੜ - ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ
ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਸਵੇਰੇ 8 ਵਜੇ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 245 ਦਰਜ ਕੀਤਾ ਗਿਆ। ਦੀਵਾਲੀ ਤੋਂ ਬਾਅਦ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਚਿੰਤਾਜਨਕ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜਿਆਂ ਅਨੁਸਾਰ ਦਿੱਲੀ ਦੇ ਕਈ ਨਿਗਰਾਨੀ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ‘ਖਰਾਬ’ ਦਰਜ ਕੀਤੀ ਗਈ। ਆਨੰਦ ਵਿਹਾਰ (298), ਚਾਂਦਨੀ ਚੌਕ (299), ਅਤੇ ਆਰ.ਕੇ. ਪੁਰਮ (298) ਵਰਗੇ ਖੇਤਰ ‘ਖਰਾਬ’ ਸ਼੍ਰੇਣੀ ਵਿੱਚ ਰਹੇ, ਜਦਕਿ ਵਜ਼ੀਰਪੁਰ (328) ਅਤੇ ਬਵਾਨਾ (301) ਵਿੱਚ ਹਵਾ ‘ਬਹੁਤ ਖਰਾਬ’ ਰਹੀ। ਪ੍ਰਦੂਸ਼ਣ ਨਾਲ ਨਜਿੱਠਣ ਲਈ ਕੌਮੀ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਟਰੱਕਾਂ ’ਤੇ ਲੱਗੇ ਪਾਣੀ ਦੇ ਛਿੜਕਾਅ ਯੰਤਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ ਏ ਕਿਊ ਐੱਮ) ਨੇ ਦਿੱਲੀ-ਐੱਨ ਸੀ ਆਰ ਦੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਅੱਜ ਤੋਂ ਬੀ ਐੱਸ-ਤਿੰਨ ਅਤੇ ਇਸ ਤੋਂ ਹੇਠਲੇ ਮਿਆਰ ਵਾਲੇ ਸਾਰੇ ਵਪਾਰਕ ਮਾਲ ਵਾਹਨਾਂ (ਜੋ ਦਿੱਲੀ ਵਿੱਚ ਦਰਜ ਨਹੀਂ ਹਨ) ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਆਵਾਜਾਈ ਲਾਗੂਕਰਨ ਟੀਮ ਦੇ ਉਪ-ਨਿਰੀਖਕ ਧਰਮਵੀਰ ਕੌਸ਼ਿਕ ਨੇ ਦੱਸਿਆ, ‘ਇਹ ਪਾਬੰਦੀ ਸਿਰਫ਼ ਮਾਲ ਵਾਹਨਾਂ ’ਤੇ ਲਾਗੂ ਹੁੰਦੀ ਹੈ, ਯਾਤਰੀ ਵਾਹਨਾਂ ’ਤੇ ਕੋਈ ਰੋਕ ਨਹੀਂ ਹੈ।’ -ਪੀਟੀਆਈ
ਪ੍ਰਦੂਸ਼ਣ ਕਾਰਨ ਦਿੱਲੀ ’ਚ ਹਰ ਸਾਲ ਹੁੰਦੀਆਂ ਨੇ 17 ਹਜ਼ਾਰ ਮੌਤਾਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਹਰ ਸਾਲ ਤਕਰੀਬਨ 17,000 ਤੋਂ ਵੱਧ ਮੌਤਾਂ ਹੋ ਰਹੀਆਂ ਹਨ, ਜੋ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨਾਲੋਂ ਵੀ ਵੱਧ ਘਾਤਕ ਹੈ। ‘ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ’ (ਆਈ ਐੱਚ ਐੱਮ ਈ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2023 ਵਿੱਚ ਰਾਜਧਾਨੀ ਦਿੱਲੀ ਵਿੱਚ ਹੋਈਆਂ 17,188 ਮੌਤਾਂ ਸਿੱਧੇ ਤੌਰ ’ਤੇ ਹਵਾ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਸਨ। ਇਸ ਦਾ ਮਤਲਬ ਹੈ ਕਿ ਸ਼ਹਿਰ ਵਿੱਚ ਹੋਣ ਵਾਲੀ ਹਰ ਸੱਤਵੀਂ ਮੌਤ ਦਾ ਕਾਰਨ ਜ਼ਹਿਰੀਲੀ ਹਵਾ ਸੀ। ਰਿਪੋਰਟ ਅਨੁਸਾਰ ਹਵਾ ਵਿੱਚ ਮੌਜੂਦ ਬਰੀਕ ਜ਼ਹਿਰੀਲੇ ਕਣ, ਜਿਨ੍ਹਾਂ ਨੂੰ ਕਣ ਪਦਾਰਥ (ਪੀ.ਐੱਮ. 2.5) ਕਿਹਾ ਜਾਂਦਾ ਹੈ, ਦਿੱਲੀ ਵਿੱਚ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ।

