ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ ਦਿੱਲੀ ਕਮੇਟੀ

ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ ਦਿੱਲੀ ਕਮੇਟੀ

ਲੋੜਵੰਦ ਔਰਤਾਂ ਨੂੰ ਸਾਮਾਨ ਦਿੰਦੇ ਹੋਏ ਦਿੱਲੀ ਕਮੇਟੀ ਦੇ ਆਗੂ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਪਰਿਵਾਰਾਂ ਵਿਚ ਸਿੱਖੀ ਨੂੰ ਬਣਾਈ ਰੱਖਣ ਵਿਚ ਔਰਤਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ, ਇਸ ਲਈ ਸਾਨੂੰ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਹ ਰੋਹਿਣੀ ਸੈਕਟਰ -15 ਵਿਚ ਸੁਖਮਨੀ ਸਾਹਿਬ ਪਾਠ ਦੀ ਸਮਾਪਤੀ ’ਤੇ ਵਿਚਾਰ ਪ੍ਰਗਟ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸੂਟ ਅਤੇ ਮਾਸਕ ਵੰਡੇ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਦੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਮੁਖੀ ਨੂੰ ਸਿੱਖੀ, ਗੁਰਬਾਣੀ ਅਤੇ ਬਾਣੇ ਨਾਲ ਜੋੜਨ। ਪ੍ਰੋਗਰਾਮ ਦੌਰਾਨ ਸ੍ਰੀ ਵਿਰਕ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਇਸਤਰੀ ਵਿੰਗ ਦੀ ਨਵੀਂ ਨਿਯੁਕਤ ਪ੍ਰਧਾਨ ਰਣਜੀਤ ਕੌਰ ਨੂੰ ਸਿਰੋਪਾ ਪਾ ਕੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਜਗੀਰ ਕੌਰ ਨੇ ਰਣਜੀਤ ਕੌਰ ਨੂੰ ਦੁਬਾਰਾ ਦਿੱਲੀ ਰਾਜ ਦੀ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਰਣਜੀਤ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਉਸ ਨਾਲ ਖੜ੍ਹੇ ਹਨ। ਰਣਜੀਤ ਕੌਰ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਇਹ ਸਹਿਯੋਗ ਮਿਲਦਾ ਰਹੇਗਾ। ਪ੍ਰੋਗਰਾਮ ਦੀ ਸਮਾਪਤੀ ’ਤੇ ਸਮੂਹ ਸੰਗਤਾਂ ਨੂੰ ਕਰੋਨਾ ਦੇ ਮੱਦੇਨਜ਼ਰ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਕੌਰ, ਮੀਨੂੰ, ਗੁਰਮੀਤ ਕੌਰ, ਇਕਬਾਲ ਕੌਰ, ਸਿਮਰਨਜੀਤ ਕੌਰ ਅਤੇ ਸੰਗਤ ਮੌਜੂਦ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All