ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀਆਂ ਚੋਣਾਂ ਤਿੰਨ ਸਾਲ ਮਗਰੋਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਲੜ ਰਹੇ ਵਿਦਿਆਰਥੀਆਂ ਜਥੇਬੰਦੀਆਂ ਦੇ ਉਮੀਦਵਾਰਾਂ ਨੇ ਅੱਜ ਆਖਰੀ ਦਿਨ ਚੋਣ ਮੈਦਾਨ ਪੂਰੀ ਤਰ੍ਹਾਂ ਭਖਾ ਰੱਖਿਆ। ਚੋਣਾਂ ਲੜ ਰਹੀਆਂ ਜਥੇਬੰਦੀਆਂ ਦੇ ਸਮਰਥਕਾਂ ਨੇ ਆਪਣੇ ਉਮੀਦਵਾਰਾਂ ਲਈ ਅੱਜ ਪੂਰੀ ਤਾਕਤ ਝੋਕ ਦਿੱਤੀ। ਵਿਦਿਆਰਥੀਆਂ ਨੇ ਕਾਲਜਾਂ ਤੇ ਜਮਾਤਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਆਪਣੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਭਾਜਪਾ ਦੀ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ), ਕਾਂਗਰਸ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਦਰਮਿਆਨ ਮੁੱਖ ਮੁਕਾਬਲਾ ਹੈ। ਖੱਬੀਆਂ ਧਿਰਾਂ ਵਿੱਚੋਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਵੀ ਚੋਣ ਮੈਦਾਨ ਵਿੱਚ ਹਨ ਪਰ ਉਨ੍ਹਾਂ ਦਾ ਆਧਾਰ ਸੀਮਤ ਹੈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਸੀਵਾਈਐੱਸਐੱਸ’ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਹਾਰ ਮਗਰੋਂ ‘ਡੂਸੂ’ ਦੀਆਂ ਚੋਣਾਂ ਲੜਨ ਦੀ ਹਿੰਮਤ ਨਹੀਂ ਕੀਤੀ।
ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੋਣਾਂ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਢੁੱਕਵੀਂ ਨਫ਼ਰੀ ਵਿੱਚ ਸੁਰੱਖਿਆ ਟੀਮਾਂ ਨਾਜ਼ੁਕ ਥਾਵਾਂ ਉਪਰ ਤਾਇਨਾਤ ਕੀਤੀਆਂ ਗਈਆਂ ਹਨ। ਕਾਲਜਾਂ ਦੇ ਅਮਲੇ ਵੱਲੋਂ ਵੀ ਨਿੱਜੀ ਸੁਰੱਖਿਆ ਗਾਰਡਾਂ ਨਾਲ ਇੰਤਜਾਮ ਕੀਤੇ ਗਏ ਹਨ। ਕਰੋਨਾ ਮਹਾਮਾਰੀ ਕਾਰਨ 2020, 2021 ਤੇ 2022 ਦੀਆਂ ਡੂਸੂ ਚੋਣਾਂ ਨਹੀਂ ਕਰਵਾਈਆਂ ਗਈਆਂ ਸਨ। ਇਸ ਕਰ ਕੇ ਪਹਿਲੇ ਸਾਲ ਵਾਲੇ ਵਿਦਿਆਰਥੀਆਂ ਤੋਂ ਲੈ ਕੇ ਦੂਜੇ ਤੇ ਤੀਜੇ ਸਾਲ ਦੇ ਸਮੈਸਟਰ ਦੇ ਵਿਦਿਆਰਥੀਆਂ ਵਿੱਚ ਚੋਣਾਂ ਨੂੰ ਲੈ ਕੇ ਖਾਸਾ ਉਤਸ਼ਾਹ ਹੈ ਕਿ ਕਿਉਂਕਿ ਉਹ ਵਿਦਿਆਰਥੀ ਯੂਨੀਅਨ ਲਈ ਪਹਿਲੀ ਵਾਰ ਆਪਣੀਆਂ ਵੋਟਾਂ ਪਾਉਣਗੇ। ਵਿਦਿਆਰਥੀ ਆਗੂਆਂ ਨੂੰ ਇਸ ਵਾਰ ਵੱਧ ਪੋਲਿੰਗ ਹੋਣ ਦੀ ਉਮੀਦ ਹੈ। ਕੁੱਲ ਅੱਠ ਉਮੀਦਵਾਰ ਪ੍ਰਧਾਨਗੀ ਦੀ ਦੌੜ ਵਿੱਚ ਹਨ। ਇਸ ਵਾਰ ਦੇ ਮੁੱਦਿਆਂ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿਰੋਧ ਅਤੇ ਹੱਕ ਵਿੱਚ ਯੂਨੀਅਨਾਂ ਵੱਲੋਂ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਵਿੱਚ ਲਿੰਗ ਭੇਦ, ਵਧੀਆਂ ਫ਼ੀਸਾਂ, ਕਾਲਜਾਂ ਦੀ ਹਾਲਤ ਤੇ ਹੋਸਟਲਾਂ ਦੀ ਕਮੀ ਵਰਗੇ ਮੁੱਦੇ ਭਾਰੂ ਰਹੇ।
ਕੇਵਾਈਐੱਸ ਦੇ ਕਾਰਕੁਨਾਂ ਨੇ ਸਫ਼ਾਈ ਮੁਹਿੰਮ ਆਰੰਭੀ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਦਿੱਲੀ ਯੂਨੀਵਰਸਿਟੀ ਵਿੱਚ ਚੱਲ ਰਹੀ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀ ਚੋਣ ਪ੍ਰਕਿਰਿਆ ਦੌਰਾਨ ਫੈਲਾਈ ਗੰਦਗੀ ਨੂੰ ਸਾਫ਼ ਕਰਨ ਲਈ ਇੱਕ ਮੁਹਿੰਮ ਚਲਾਈ ਹੈ। ਵਰਕਰਾਂ ਨੇ ਡੀਯੂ ਕੈਂਪਸ ਦੀਆਂ ਸੜਕਾਂ ਦੀ ਗੰਦਗੀ ਝਾੜੂਆਂ ਨਾਲ ਸਾਫ਼ ਕਰ ਕੇ ਡੀਯੂਐੱਸਯੂ ਦੀ ਰਾਜਨੀਤੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਵਰਨਣਯੋਗ ਹੈ ਕਿ ਡੀਯੂਐੱਸਯੂ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਨੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਡੀਯੂ ਕੈਂਪਸ ਦੀਆਂ ਸੜਕਾਂ ਅਤੇ ਕੰਧਾਂ ਵੱਖ-ਵੱਖ ਉਮੀਦਵਾਰਾਂ ਦੇ ਕਾਰਡਾਂ ਅਤੇ ਪੋਸਟਰਾਂ ਨਾਲ ਭਰੀਆਂ ਹੋਈਆਂ ਹਨ ਪਰ ‘ਡੀਯੂ’ ਵਿਦਿਆਰਥੀਆਂ ਦੇ ਨਾਲ-ਨਾਲ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦੇ ਚੋਣ ਪ੍ਰਕਿਰਿਆ ਤੋਂ ਪੂਰੀ ਤਰ੍ਹਾਂ ਗਾਇਬ ਹਨ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕਾਰਾਂ ਦੇ ਕਾਫਲੇ ਵਿੱਚ ਘੁੰਮਦੇ, ਛਾਪੇ ਹੋਏ ਪੋਸਟਰਾਂ ਦੀ ਵਰਤੋਂ ਕਰਦੇ ਹੋਏ, ਡੀਯੂ ਕੈਂਪਸ ਦੀਆਂ ਸੜਕਾਂ ’ਤੇ ਉਨ੍ਹਾਂ ਦੇ ਨਾਮ ਵਾਲੇ ਪ੍ਰਿੰਟ ਕਾਰਡਾਂ ਨਾਲ ਕੂੜਾ ਫੈਲਾਉਂਦੇ ਹੋਏ ਅਤੇ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਦੇਖਿਆ ਗਿਆ।