ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਮਾਕੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ: ਰੇਖਾ ਗੁਪਤਾ

ਮੁੱਖ ਮੰਤਰੀ ਨੇ ਜ਼ਖ਼ਮੀਆਂ ਦਾ ਹਾਲ ਜਾਣਿਆ
ਧਮਾਕੇ ਵਿੱਚ ਜ਼ਖ਼ਮੀ ਨੂੰ ਮਿਲਦੀ ਹੋਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰ। -ਫੋਟੋ: ਪੀਟੀਆਈ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਪੁਲੀਸ, ਐੱਨ ਐੱਸ ਜੀ, ਐਨਆਈਏ ਅਤੇ ਐੱਫ ਐੱਸ ਐੱਲ ਦੀਆਂ ਟੀਮਾਂ ਮਿਲ ਕੇ ਲਾਲ ਕਿਲ੍ਹੇ ਨੇੜੇ ਬੀਤੀ ਸ਼ਾਮ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਅੱਜ ਧਮਾਕੇ ’ਚ ਜ਼ਖ਼ਮੀ ਹੋਣ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਧਮਾਕੇ ਨੂੰ ਦੁਖਦਾਈ ਅਤੇ ਚਿੰਤਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਸਭ ਲੋਕ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਕਿਰਪਾ ਕਰ ਕੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਧਮਾਕੇ ਦੇ ਪੀੜਤਾਂ ਦਾ ਇਲਾਕ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਉੱਥੇ ਜਾ ਕੇ ਪੀੜਤਾਂ ਦਾ ਹਾਲ ਜਾਣਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕਰਦੇ ਹਨ ਜਿਨ੍ਹਾਂ ਨੇ ਇਸ ਦੁਖਦਾਈ ਹਾਦਸੇ ਵਿੱਚ ਆਪਣੇ ਨੇੜਲਿਆਂ ਨੂੰ ਗੁਆਇਆ ਹੈ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਜ਼ਖ਼ਮੀ ਜਲਦੀ ਠੀਕ ਹੋ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਲੋਕਾਂ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ।

ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਸ ਘਟਨਾ ਨੂੰ ਭਿਆਨਕ ਅਤੇ ਦੁਖਦਾਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਲੋੜੀਂਦੀ ਡਾਕਟਰੀ ਸਹਾਇਤਾ ਮਿਲੇ। ਇਸ ਧਮਾਕੇ ਨੂੰ ਚਿੰਤਾਜਨਕ ਦੱਸਦੇ ਹੋਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਪੋਸਟ ਪਾਈ ਹੈ। ਉਨ੍ਹਾਂ ਇਸ ਪੋਸਟ ਵਿੱਚ ਲਿਖਿਆ ਹੈ, ‘‘ਪੁਲੀਸ ਅਤੇ ਸਰਕਾਰ ਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਕਿਉਂ ਅਤੇ ਕਿਵੇਂ ਹੋਇਆ ਅਤੇ ਕੀ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ।’’

Advertisement

ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸ਼ਾਂਤੀ ਅਤੇ ਸੰਜਮ ਬਣਾਈ ਰੱਖਣਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਅਤਿਵਾਦ ਅਤੇ ਡਰ ਦਾ ਮੁਕਾਬਲਾ ਸਾਡੀ ਏਕਤਾ ਨਾਲ ਹੀ ਕੀਤਾ ਜਾ ਸਕਦਾ ਹੈ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਮੌਤਾਂ ਦੀ ਖ਼ਬਰ ਨੂੰ ਬਹੁਤ ਹੀ ਦਿਲ ਤੋੜਨ ਵਾਲਾ ਕਿਹਾ ਹੈ।

ਐਂਬੂਲੈਂਸ ਨਾ ਦੇਣ ’ਤੇ ‘ਆਪ’ ਨੇ ਚੁੱਕੇ ਸਵਾਲ

‘ਆਪ’ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਦੀ ਅਗਵਾਈ ਹੇਠ ‘ਆਪ’ ਦੇ ਆਗੂਆਂ ਦੇ ਵਫ਼ਦ ਨੇ ਅੱਜ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲ ਐੱਨ ਜੇ ਪੀ) ਹਸਪਤਾਲ ਦਾ ਦੌਰਾ ਕੀਤਾ ਅਤੇ ਲਾਲ ਕਿਲ੍ਹੇ ਦੇ ਧਮਾਕੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਨਾਲ ਮੁਲਾਕਾਤ ਕੀਤੀ। ‘ਆਪ’ ਦੇ ਵਫ਼ਦ ਵਿੱਚ ਵਿਧਾਇਕ ਸੰਜੀਵ ਝਾਅ, ਇਮਰਾਨ ਹੁਸੈਨ, ਕੁਲਦੀਪ ਕੁਮਾਰ ਅਤੇ ਸੀਨੀਅਰ ਆਗੂ ਆਦਿਲ ਅਹਿਮਦ ਖਾਨ ਸ਼ਾਮਲ ਸਨ। ਇਸ ਦੌਰਾਨ ਸੌਰਭ ਭਾਰਦਵਾਜ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਨੂੰ ਮੁੱਢਲੀਆਂ ਐਂਬੂਲੈਂਸ ਸੇਵਾਵਾਂ ਦੇਣ ਵਿੱਚ ਵਿੱਚ ਸਰਕਾਰ ਦੀ ਨਾਕਾਮੀ ਦਿਲ ਤੋੜਨ ਵਾਲੀ ਅਤੇ ਅਣਮਨੁੱਖੀ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਜੇ ਸਰਕਾਰ ਪਰਿਵਾਰਾਂ ਨੂੰ ਲਾਸ਼ਾਂ ਘਰ ਲਿਜਾਣ ਲਈ ਐਂਬੂਲੈਂਸ ਵੀ ਨਹੀਂ ਦੇ ਸਕਦੀ ਤਾਂ ਸੋਸ਼ਲ ਮੀਡੀਆ ’ਤੇ ਹਮਦਰਦੀ ਦਿਖਾਉਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਆਏ ਅਤੇ ਕਿਹਾ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਪਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਖ਼ੁਦ ਐਂਬੂਲੈਂਸ ਲਈ ਕਿਹਾ ਜਾ ਰਿਹਾ ਹੈ।

 

ਪੁਲੀਸ ਨੇ ਫਰੀਦਾਬਾਦ ’ਚ ਤਲਾਸ਼ੀ ਮੁਹਿੰਮ ਚਲਾਈ

ਫਰੀਦਾਬਾਦ (ਪੱਤਰ ਪ੍ਰੇਰਕ): ਜੰਮੂ ਕਸ਼ਮੀਰ ਅਤੇ ਫਰੀਦਾਬਾਦ ਪੁਲੀਸ ਵੱਲੋਂ ਵਿਸਫੋਟਕ ਸਮੱਗਰੀ ਬਰਾਮਦ ਕਰਨ ਤੋਂ ਇਕ ਦਿਨ ਮਗਰੋਂ ਮੰਗਲਵਾਰ ਸਵੇਰੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਫਰੀਦਾਬਾਦ ਪੁਲੀਸ ਦੇ ਕਰੀਬ 800 ਕਰਮਚਾਰੀ ਲੰਘੇ ਦਿਨ ਬਰਾਮਦ ਕੀਤੀ ਵਿਸਫੋਟਕ/ਜਲਣਸ਼ੀਲ ਸਮੱਗਰੀ ਦੇ ਸਬੰਧ ਵਿੱਚ ਧੌਜ ਪੁਲੀਸ ਸਟੇਸ਼ਨ ਅਧੀਨ ਪੈੈਂਦੇ ਖੇਤਰਾਂ ਦੀ ਤਲਾਸ਼ੀ ਲਈ। ਉਧਰ, ਦਿੱਲੀ ਨਾਲ ਲੱਗਦੀਆਂ ਫਰੀਦਾਬਾਦ ਦੀਆਂ ਹੱਦਾਂ ਉੱਪਰ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੁਲੀਸ ਵੱਲੋਂ ਇਨ੍ਹਾਂ ਖੇਤਰ ਦੇ ਖਾਲੀ ਘਰਾਂ ਅਤੇ ਸੁੰਨੀਆਂ ਥਾਵਾਂ ਦੀ ਤਲਾਸ਼ੀ ਲਈ ਗਈ।

Advertisement
Show comments