ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜਨਵਰੀ
ਇੱਥੋਂ ਦੇ ਰਮੇਸ਼ ਨਗਰ ਸਥਿਤ ਨਾਮਧਾਰੀ ਗੁਰਦੁਆਰੇ ਵਿੱਚ ਨਾਮਧਾਰੀ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਨਾਲ ਕੀਤੀ ਗਈ। ਰਾਗੀ ਬਲਵੰਤ ਸਿੰਘ ਨੇ ਤੰਤੀ ਸਾਜ਼ਾਂ ਨਾਲ ਆਸਾ ਦੀ ਵਾਰ ਦਾ ਗਾਇਨ ਕੀਤਾ। ਉਪਰੰਤ ਜਥੇਦਾਰ ਨਿਸ਼ਾਨ ਸਿੰਘ ਦਿੱਲੀ ਵਾਲਿਆਂ ਨੇ ਪੁਰਾਤਨ ਸ਼ੈਲੀ ‘ਚ ਦੀਵਾਨ ਲਾਇਆ ਤੇ ਸਤਿਗੁਰ ਰਾਮ ਸਿੰਘ ਦੇ ਆਜ਼ਾਦੀ ਸੰਗਰਾਮ ਬਾਰੇ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕੀਤਾ। ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਅਤੇ ‘ਸਤਿਜੁਗ’ ਰਸਾਲੇ ਦੇ ਸੰਪਾਦਕ ਗੁਰਲਾਲ ਸਿੰਘ ਦੇ ਜਥੇ ਨੇ ਕਵੀਸ਼ਰੀ ਵਿਧਾ ਰਾਹੀਂ ਕੂਕਾ ਵਿਦਰੋਹ ਦੇ ਲਾਸਾਨੀ ਇਤਿਹਾਸ ਬਾਰੇ ਗੱਲ ਕਰਦਿਆਂ ਕੀਤੀ। ਗੁਰਭੇਜ ਸਿੰਘ ਗੁਰਾਇਆ ਨੇ ਨਾਮਧਾਰੀ ਲਹਿਰ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਹਿਰ ਦੀ ਪ੍ਰੇਰਨਾ ਸਦਕਾ ਹੋਰ ਲਹਿਰਾਂ ‘ਚ ਪੰਜਾਬ ਦੀ ਧਰਤੀ ਤੇ ਗਦਰ ਲਹਿਰ, ਸ਼ਹੀਦ ਭਗਤ ਸਿੰਘ ਅਤੇ ਫਿਰ ਕਾਂਗਰਸ ਨੇ ਅਜ਼ਾਦੀ ਦੀ ਲੜਾਈ ‘ਚ ਅਹਿਮ ਹਿੱਸੇਦਾਰੀ ਪਾਈ। ਇਸ ਦੌਰਾਨ ਸਤਿਗੁਰੂ ਉਦੈ ਸਿੰਘ ਜੀ ਨੇ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੰਦਿਆਂ ਗੁਰਬਾਣੀ ਨਾਲ ਜੁੜਣ, ਨਾਮ ਸਿਮਰਨ ਕਰਨ ਬਾਰੇ ਸਿੱਖੀ ਧਾਰਨਾਵਾਂ ਨੂੰ ਪਰਿਪੱਕ ਕਰਨ ਸੰਗਤ ਨੂੰ ਪ੍ਰੇਰਨਾਦਾਇਕ ਸੋਚ ਅਪਣਾਉਣ ਲਈ ਆਖਿਆ। ਸਮਾਰੋਹ ਵਿਚ ਦਿੱਲੀ, ਗੁੜਗਾਓਂ, ਗਾਜ਼ੀਆਬਾਦ, ਨੋਇਡਾ ਤੋਂ ਸੰਗਤ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਥੇਦਾਰ ਨਿਸ਼ਾਨ ਸਿੰਘ ਸ੍ਰੀ ਭੈਣੀ ਸਾਹਿਬ ਨੇ ਸ਼ਬਦ ਗੁਰਬਾਣੀ ਦੀ ਮਹੱਤਤਾ ਤੇ ਵਿਧੀ ਦੀ ਦਾਤ ਗੁਰਬਾਣੀ ਬਾਰੇ ਸੰਗਤਾਂ ਨਾਲ ਵਿਚਾਰ ਦੀ ਸਾਂਝ ਪਾਈ। ਜਰਨੈਲ ਸਿੰਘ (ਐਮ.ਐਲ.ਏ. ਤਿਲਕ ਨਗਰ ਦਿੱਲੀ) ਨੇ ਨਾਮਧਾਰੀ ਸਮਾਜ ਨਾਲ ਆਪਣੀ ਸਾਂਝ ਤੇ ਸਮਾਜ ਸੇਵਾ ਦਾ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਇਸ ਮੌਕੇ ਪੰਜਾਬੀ ਸਾਹਿਤ, ਇਤਿਹਾਸ ਅਤੇ ਸਭਿਆਚਾਰ ਦੇ ਕਾਰਜਾਂ ਲਈ ਆਪਣੀਆਂ ਸੇਵਾਵਾਂ ਦੇਣ ਵਾਲੇ ਪਤਵੰਤਿਆਂ ਨੂੰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਵਲੋਂ ਸਨਮਾਨ ਦਿੱਤੇ ਗਏ। ਇਸ ਮੌਕੇ ਬੀਬੀ ਰਣਜੀਤ ਕੌਰ, ਇੰਦਰਜੀਤ ਸਿੰਘ (ਅਕਾਲੀ ਦਲ ਬਾਦਲ), ਕੌਂਸਲਰ ਅਲਕਾ ਢੀਂਗਰਾ, ਹਰਵਿੰਦਰ ਸਿੰਘ ਹੰਸਪਾਲ (ਸਾਬਕਾ ਪ੍ਰਧਾਨ ਕਾਂਗਰਸ), ਡਾ. ਜਸਵਿੰਦਰ ਸਿੰਘ (ਪ੍ਰਿੰਸੀਪਲ, ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ), ਡਾ. ਕੁਲਵੀਰ ਗੋਜਰਾ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ), ਗੁਰਦੇਵ ਸਿੰਘ (ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਨਾਮਧਾਰੀ ਦਰਬਾਰ ਦੇ ਮੀਤ ਪ੍ਰਧਾਨ ਜਸਵੰਤ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।