Terror conspiracy: ਦਿੱਲੀ ਵਿੱਚ ISI ਅਤੇ ਬੰਗਲਾਦੇਸ਼ੀ ਕੱਟੜਪੰਥੀਆਂ ਨਾਲ ਜੁੜੇ 8 ਸ਼ੱਕੀ ਕਾਬੂ
ਧਾਰਮਿਕ ਸਥਾਨਾਂ ’ਤੇ ਹਮਲੇ ਦੀ ਸੀ ਤਿਆਰੀ; ਤਾਮਿਲਨਾਡੂ ਤੋਂ ਫੜੇ ਗਏ 6 ਮੁਲਜ਼ਮਾਂ ਸਣੇ ਅੱਠ ਕਾਬੂ
Terror conspiracy: ਕੇਂਦਰੀ ਖੁਫੀਆ ਏਜੰਸੀਆਂ ਅਤੇ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਦਿੱਲੀ ਵਿੱਚ ਕਿਸੇ ਵੱਡੀ ਅਤਿਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅੱਠ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਛੇ ਮੁਲਜ਼ਮਾਂ ਨੂੰ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਬੰਗਲਾਦੇਸ਼ੀ ਨਾਗਰਿਕ ਦੱਸੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਇਹ ਮੋਡਿਊਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਲਸ਼ਕਰ-ਏ-ਤੋਇਬਾ (LeT) ਦੇ ਇਸ਼ਾਰੇ ’ਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਅਤੇ ਲਾਲ ਕਿਲੇ ਵਰਗੇ ਇਤਿਹਾਸਕ ਸਥਾਨਾਂ ’ਤੇ ਆਈ.ਈ.ਡੀ. (IED) ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।
ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ ਦਰਜਨਾਂ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ ਕਿ ਅਤਿਵਾਦੀ ਸਮੂਹ 6 ਫਰਵਰੀ ਨੂੰ ਇਸਲਾਮਾਬਾਦ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਦਾ ਬਦਲਾ ਲੈਣ ਦੀ ਫਿਰਾਕ ਵਿੱਚ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਨੂੰ ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਬੇਹੱਦ ਚੌਕਸ ਹਨ। ਕੇਂਦਰੀ ਏਜੰਸੀਆਂ ਹੁਣ ਇਨ੍ਹਾਂ ਸ਼ੱਕੀਆਂ ਦੇ ਵਿਦੇਸ਼ੀ ਸੰਪਰਕਾਂ ਅਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ।

