Swachhata Hi Seva Delhi University’ ਮੁਹਿੰਮ ਸ਼ੁਰੂ
ਮੁੱਖ ਮੰਤਰੀ ਰੇਖਾ ਗੁਪਤਾ ਨੇ ਮੁਹਿੰਮ ’ਚ ਸ਼ਮੂਲੀਅਤ ਕੀਤੀ; ’ਵਰਸਿਟੀ ਅਧਿਆਪਕ ਤੇ ਵਿਦਿਆਰਥੀ ਵੀ ਹੋਏ ਸ਼ਾਮਲ
‘ਸਵੱਛਤਾ ਹੀ ਸੇਵਾ’ ਦੇਸ਼ ਵਿਆਪੀ ਮੁਹਿੰਮ ਤਹਿਤ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਯੂਨੀਵਰਸਿਟੀ ’ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਸਵੇਰੇ 7:30 ਵਜੇ ਯੂਨੀਵਰਸਿਟੀ ਕੈਂਪਸ ਦੇ ਗਵਾਇਰ ਹਾਲ ਹੋਸਟਲ ਨੇੜੇ ਗੋਲ ਚੱਕਰ ਤੋਂ ਸ਼ੁਰੂ ਹੋਈ ਅਤੇ ਕਮਲਾ ਨਹਿਰੂ ਰਿਜ (ਬੋਂਟਾ) ਵੱਲ ਵਧੀ।
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਆਪਣੀ ਟੀਮ ਨਾਲ ਮੁਹਿੰਮ ਵਿੱਚ ਸ਼ਾਮਲ ਹੋਏ। ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਪੀ ਜੀ ਮੈੱਨਜ਼ ਹੋਸਟਲ ਅਤੇ ਯੂਨੀਵਰਸਿਟੀ ਗੈਸਟ ਹਾਊਸ ਰਾਹੀਂ ਕਮਲਾ ਨਹਿਰੂ ਰਿਜ (ਬੋਂਟਾ) ਵੱਲ ਵਧੇ ਅਤੇ ਪੂਰੇ ਰਸਤੇ ’ਚ ਸਾਫ਼-ਸਫ਼ਾਈ ਮੁਹਿੰਮ ਚਲਾਈ। ਡੀ ਯੂ ਕੈਂਪਸ ਤੋਂ ਇਲਾਵਾ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਸਾਹਮਣੇ ਕਮਲਾ ਨਹਿਰੂ ਰਿੱਜ ਵਿੱਚ ਵੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਦਿੱਲੀ ਯੂਨੀਵਰਸਿਟੀ ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਰਜਨੀ ਅੱਬੀ, ਸੀ ਓ ਐੱਲ ਡਾਇਰੈਕਟਰ ਪ੍ਰੋ. ਪਾਇਲ ਮਾਗੋ, ਐੱਮ ਸੀ ਡੀ ਉੱਤਰੀ ਜ਼ੋਨ ਦੇ ਡਿਪਟੀ ਕਮਿਸ਼ਨਰ ਸ਼ਵੇਤਾ ਨਾਗਰਕੋਟੀ, ਵਿਧਾਇਕ ਸੂਰਿਆ ਪ੍ਰਕਾਸ਼ ਖੱਤਰੀ, ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਅਤੇ ਗਾਂਧੀ ਭਵਨ ਦੇ ਡਾਇਰੈਕਟਰ ਪ੍ਰੋ. ਕੇ ਪੀ ਸਿੰਘ, ਡੀ ਯੂ ਦੇ ਕਈ ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਡੀ ਯੂ ਐੱਸ ਯੂ ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਐੱਨ ਐੱਸ ਐੱਸ ਵਾਲੰਟੀਅਰਾਂ ਨੇ ਮੁਹਿੰਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਐੱਮ ਸੀ ਡੀ ਦੇ ਕਰਮਚਾਰੀ ਅਤੇ ਅਧਿਕਾਰੀ ਵੀ ਮੌਜੂਦ ਸਨ। ਮੁਹਿੰਮ ਦੀ ਸ਼ੁਰੂਆਤ ਵਿੱਚ ਸਾਰਿਆਂ ਨੇ ਮੁੱਖ ਮੰਤਰੀ ਨਾਲ ਸਵੱਛਤਾ ਦਾ ਅਹਿਦ ਲਿਆ। ਦਿੱਲੀ ਯੂਨੀਵਰਸਿਟੀ ਵਿੱਚ ਸਵੱਛਤਾ ਹੀ ਸੇਵਾ ਦੇ ਨੋਡਲ ਅਫਸਰ ਪ੍ਰੋ. ਕੇ ਪੀ ਸਿੰਘ ਨੇ ਦੱਸਿਆ ਕਿ ਦਿੱਲੀ ਯੂਨੀਵਰਸਿਟੀ 17 ਸਤੰਬਰ ਤੋਂ 17 ਅਕਤੂਬਰ, 2026 ਤੱਕ ਸਵੱਛਤਾ ਹੀ ਸੇਵਾ ਮੁਹਿੰਮ ਮਨਾ ਰਹੀ ਹੈ। ਇਸ ਮੁਹਿੰਮ ਦਾ ਵਿਸ਼ਾ ‘ਸਵੱਛਤਾ ਵਿੱਚ ਭਾਗੀਦਾਰੀ, ਸਵੱਛ ਭਾਰਤ, ਵਿਕਸਤ ਭਾਰਤ’ ਹੈ ਅਤੇ ਇਸ ਦਾ ਨਾਅਰਾ ‘ਇੱਕ ਦਿਨ, ਇੱਕ ਘੰਟਾ, ਇਕੱਠੇ’ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਫ਼ਾਈ ਸਾਡੀ ਨਿਯਮਤ ਆਦਤ ਅਤੇ ਜੀਵਨ ਸ਼ੈਲੀ ਦਾ ਹਿੱਸਾ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਇਸ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਰੱਖਣੀ ਚਾਹੀਦੀ ਹੈ। ਦਿੱਲੀ ਦੇ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਦੱਸਿਆ ਕਿ ਸ਼ਹਿਰ ਭਰ ਵਿੱਚ 300 ਥਾਵਾਂ ’ਤੇ ਇਹ ਸਫ਼ਾਈ ਮੁਹਿੰਮ ਚਲਾਈ ਗਈ ਹੈ। ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ 103 ਆਰ ਏ ਐੱਫ ਬਟਾਲੀਅਨ ਦੇ ਜਵਾਨਾਂ ਵੱਲੋਂ ਤੁਕਮੀਰਪੁਰ ਸਥਿਤ ਪੁਸ਼ਪਾਂਜਲੀ ਸਕੂਲ ’ਚ ਸਫ਼ਾਈ ਮੁਹਿੰਮ ਚਲਾਈ ਗਈ।

