ਗੁਰੂਗ੍ਰਾਮ ਦੇ Medanta Hospital ਪੁੱਜੇ Sukhbir Badal
Sukhbir Badal Hospital: ਹਸਪਤਾਲ ਲੈ ਕੇ ਪੁੱਜੇ ਬਿਕਰਮ ਮਜੀਠੀਆ; ਦੁਪਹਿਰ ਵੇਲੇ ਮਹਾਰਾਸ਼ਟਰ ਦੇ ਹਸਪਤਾਲੋਂ ਮਿਲੀ ਸੀ ਛੁੱਟੀ
Sukhbir Medanta Hospital: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਅੱਜ ਸ਼ਾਮ ਵੇਲੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਦਿੱਲੀ ਹਵਾਈ ਅੱਡੇ ’ਤੇ ਸੁਖਬੀਰ ਬਾਦਲ ਨੂੰ ਮਿਲੇ ਤੇ ਉਨ੍ਹਾਂ ਨੂੰ ਨਾਲ ਲੈ ਕੇ ਮੇਦਾਂਤਾ ਹਸਪਤਾਲ ਪਹੁੰਚੇ। ਇਹ ਪਤਾ ਲੱਗਿਆ ਹੈ ਕਿ ਇੱਥੇ ਉਨ੍ਹਾਂ ਦੇ ਹੱਥ ਦਾ ਅਪਰੇਸ਼ਨ ਕੀਤਾ ਜਾਵੇਗਾ।
ਹਮਲੇ ਤੋਂ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਹਿਲਾਂ ਕਿਹਾ ਸੀ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ ਸੀ। ਉਹ ਹਮੇਸ਼ਾ ਲੋਕਾਂ ਲਈ ਡਟੇ ਰਹੇ ਸਨ।
Sukhbir Badal Attack: ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲੇ ਨੂੰ 24 ਅਗਸਤ ਤੱਕ ਪੁਲੀਸ ਰਿਮਾਂਡ ’ਤੇ ਭੇਜਿਆ
ਦੱਸਣਾ ਬਣਦਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾਂਦੇੜ ਵਿੱਚ ਹੋਏ ਹਮਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਲਈ ਬਹਾਦਰੀ ਦਾ ਮੁਜ਼ਾਹਰਾ ਕਰਨ ਵਾਲੇ ਮਹਾਰਾਸ਼ਟਰ ਪੁਲੀਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨਾਲ ਮੁਲਾਕਾਤ ਕੀਤੀ।
ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਰੀ ਕੀਤੀ ਪੋਸਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇੰਸਪੈਕਟਰ ਸੰਤੋਸ਼ ਕੇਂਦਰੇ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਲਈ ਮਨੁੱਖੀ ਢਾਲ ਵਾਂਗ ਖੜ੍ਹ ਕੇ ਹਿੰਮਤ ਅਤੇ ਫ਼ਰਜ਼ ਨਿਭਾਉਣ ਦੀ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੰਤੋਸ਼ ਕੇਂਦਰੇ ਦੀ ਬਹਾਦਰੀ ਨੇ ਇਹ ਯਾਦ ਕਰਵਾਇਆ ਹੈ ਕਿ ਵਰਦੀ ਪਹਿਨਣ ਦਾ ਅਸਲ ਮਤਲਬ ਆਪਣੇ ਆਪ ਤੋਂ ਪਹਿਲਾਂ ਫ਼ਰਜ਼ ਅਤੇ ਡਰ ਤੋਂ ਪਹਿਲਾਂ ਹਿੰਮਤ ਨੂੰ ਤਰਜੀਹ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇੰਸਪੈਕਟਰ ਕੇਂਦਰੇ ਦਾ ਤਹਿ ਦਿਲੋਂ ਧੰਨਵਾਦੀ ਹੈ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।
ਹਰਸਿਮਰਤ ਕੌਰ ਬਾਦਲ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇੰਸਪੈਕਟਰ ਸੰਤੋਸ਼ ਕੇਂਦਰੇ ਨੂੰ ਜਲਦੀ ਸਿਹਤਯਾਬੀ ਬਖ਼ਸ਼ਣ। ਉਨ੍ਹਾਂ ਨਾਲ ਹੀ ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ਼ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਸ਼ਕਲ ਸਮੇਂ ਦੌਰਾਨ ਅਣਥੱਕ ਸੇਵਾਵਾਂ ਨਿਭਾਉਂਦਿਆਂ ਪਰਿਵਾਰ ਦਾ ਹੌਂਸਲਾ ਵਧਾਇਆ।
ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਡਾਕਟਰੀ ਟੀਮ ਵੱਲੋਂ ਨਿਭਾਈ ਗਈ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਵੇਗੀ।

