ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਮਾਲਵੀਆ ਨਗਰ ਦੇ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸ਼ਾਦ (81) ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਨੀਂਦ ਦੀਆਂ ਵੱਧ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੰਭੀਰ ਹਾਲਤ ਵਿੱਚ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਕਾਂਤਾ ਪ੍ਰਸ਼ਾਦ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਪਰਿਵਾਰ ਨੇ ਦੱਸਿਆ ਕਿ ਕਾਂਤਾ ਪ੍ਰਸ਼ਾਦ ਨੇ ਸ਼ਰਾਬ ਨਾਲ ਨੀਂਦ ਵਾਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਖੋਸ਼ਿਸ਼ ਕੀਤੀ। ਡੀਸੀਪੀ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਸਫ਼ਦਰਜੰਗ ਹਸਪਤਾਲ ਤੋਂ ਰਾਤ ਸਵਾ ਗਿਆਰਾਂ ਵਜੇ ਸੂਚਨਾ ਮਿਲੀ ਸੀ ਕਿ ‘ਬਾਬਾ ਕਾ ਢਾਬਾ’ ਚਲਾਉਣ ਵਾਲੇ ਕਾਂਤਾ ਪ੍ਰਸ਼ਾਦ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਕਿ ਢਾਬਾ ਬੰਦ ਹੋਣ ਕਰਕੇ ਉਹ ਪ੍ਰੇਸ਼ਾਨ ਸੀ। ਪੁਲੀਸ ਨੇ ਕਾਂਤਾ ਪ੍ਰਸ਼ਾਦ ਦੇ ਪੁੱਤਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਉਸ ਦੀ ਪਤਨੀ ਨੇ ਵੀ ਪੁਲੀਸ ਨੂੰ ਦੱਸਿਆ ਕਿ ਕਾਂਤਾ ਪ੍ਰਸ਼ਾਦ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੂੰ ਨਹੀਂ ਪਤਾ ਕਿ ਕਾਂਤਾ ਪ੍ਰਸ਼ਾਦ ਨਾਲ ਕੀ ਹੋਇਆ। ‘ਬਾਬਾ ਕਾ ਢਾਬਾ’ ਉਦੋਂ ਚਰਚਾ ਵਿੱਚ ਆਇਆ ਸੀ, ਜਦੋਂ ਇੱਕ ਯੂਟਿਊਬਰ ਗੌਰਵ ਵਾਸਨ ਨੇ ਉਸ ਦੇ ਢਾਬੇ ਦੀ ਗਾਹਕੀ ਘਟਣ ਬਾਰੇ ਵੀਡੀਓ ਪਾਈ ਸੀ, ਜਿਸ ਮਗਰੋਂ ਉਸ ਕੋਲ ਗਾਹਕਾਂ ਦੀ ਕਤਾਰ ਲੱਗਣ ਲੱਗੀ ਸੀ।