NEET ਪੇਪਰ ਲੀਕ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
ਐੱਨ ਐੱਸ ਯੂ ਆਈ ਦੇ ਮੈਂਬਰਾਂ ਨੇ ਅੈੱਨ ਟੀ ਏ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ
ਐੱਨ ਐੱਸ ਯੂ ਆਈ ਦੇ ਮੈਂਬਰਾਂ ਨੇ ਅੱਜ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਦੇ ਮੁੱਖ ਦਫ਼ਤਰ ਦੇ ਬਾਹਰ ਨੀਟ ਪ੍ਰੀਖਿਆ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਉਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਏਜੰਸੀ ਨੂੰ ਤੁਰੰਤ ਭੰਗ ਕਰਨ ਅਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ।
ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ ਐੱਸ ਯੂ ਆਈ) ਦੇ ਮੈਂਬਰਾਂ ਨੇ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜਾਖੜ ਦੀ ਅਗਵਾਈ ਹੇਠ ‘ਐੱਨ ਟੀ ਏ ਹੱਲਾ ਬੋਲ’ ਦੇ ਬੈਨਰ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਸੰਗਠਨ ਨੇ ਦੋਸ਼ ਲਾਇਆ ਕਿ ਪ੍ਰੀਖਿਆ ਨਾਲ ਸਬੰਧਤ ਤਣਾਅ ਕਾਰਨ ਕਥਿਤ ਤੌਰ ’ਤੇ ਤਿੰਨ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਇਸ ਸਥਿਤੀ ਲਈ ਉਨ੍ਹਾਂ ਐੱਨ ਟੀ ਏ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਪ੍ਰਦਰਸ਼ਨਕਾਰੀਆਂ ਨੇ ਐੱਨ ਟੀ ਏ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਏਜੰਸੀ ਤੇ ਕੇਂਦਰ ਸਰਕਾਰ ’ਤੇ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਦੋਸ਼ ਲਾਇਆ ਕਿ ਪੇਪਰ ਲੀਕ ਹੋਣ, ਪ੍ਰੀਖਿਆਵਾਂ ਰੱਦ ਹੋਣ ਅਤੇ ਪ੍ਰਸ਼ਾਸਨਿਕ ਖਾਮੀਆਂ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਦੀ ਲਾਪਰਵਾਹੀ ਅਤੇ ਐੱਨ ਟੀ ਏ ਦੀ ਨਾਕਾਮਯਾਬੀ ਨੇ ਲੱਖਾਂ ਮਿਹਨਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ।
ਵਿਦਿਆਰਥੀ ਜਥੇਬੰਦੀ ਨੇ ਪ੍ਰੀਖਿਆ ਨਾਲ ਸਬੰਧਤ ਤਣਾਅ ਕਾਰਨ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ’ਤੇ ਵੀ ਚਿੰਤਾ ਪ੍ਰਗਟਾਈ ਅਤੇ ਦੋਸ਼ ਲਾਇਆ ਕਿ ਅਧਿਕਾਰੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦਾ ਢੁੱਕਵਾਂ ਨਿਪਟਾਰਾ ਕਰਨ ਵਿੱਚ ਅਸਫਲ ਰਹੇ ਹਨ।
ਆਪਣੀਆਂ ਮੁੱਖ ਮੰਗਾਂ ਵਿੱਚ, ਐੱਨ ਐੱਸ ਯੂ ਆਈ ਨੇ ਕਥਿਤ ਨੀਟ ਘੁਟਾਲੇ ਦੀ ‘ਨਿਰਪੱਖ ਅਤੇ ਸਮਾਂਬੱਧ’ ਜਾਂਚ, ਦੋਸ਼ੀਆਂ ਖਿਲਾਫ ਸਖਤ ਕਾਰਵਾਈ, ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਭਰੋਸੇਯੋਗਤਾ ਬਹਾਲ ਕਰਨ ਦੀ ਮੰਗ ਕੀਤੀ। ਸੰਗਠਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਦੇਸ਼ ਭਰ ਵਿੱਚ ਪ੍ਰਦਰਸ਼ਨ ਤੇਜ਼ ਕਰੇਗਾ। -ਪੀਟੀਆਈ
ਇੰਡੀਅਨ ਯੂਥ ਕਾਂਗਰਸ ਵੱਲੋਂ ਰੋਸ ਮਾਰਚ
ਨਵੀਂ ਦਿੱਲੀ: ਇੰਡੀਅਨ ਯੂਥ ਕਾਂਗਰਸ ਨੇ ਅੱਜ ਦੇਸ਼ ਦੀ ਰਾਜਧਾਨੀ ਵਿੱਚ ਇਸ ਸਾਲ ਨੀਟ-ਯੂਜੀ ਪ੍ਰੀਖਿਆ ਦੇ ਕਥਿਤ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਹੱਥਾਂ ਵਿੱਚ ਪੋਸਟਰ, ਬੈਨਰ ਅਤੇ ਪਾਰਟੀ ਦੇ ਝੰਡੇ ਲੈ ਕੇ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਤੀਨ ਮੂਰਤੀ ਸਰਕਲ ਤੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਵੱਲੋਂ ਰੋਕ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਪ੍ਰਧਾਨ ਉਦੈ ਭਾਨੂ ਚਿੱਬ ਸਮੇਤ ਕਈ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪ੍ਰਦਰਸ਼ਨ ਕਰ ਰਹੀ ਯੂਥ ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਦੇ ਰਾਜ ਵਿੱਚ ਸਿੱਖਿਆ ਪ੍ਰਣਾਲੀ ‘ਪੂਰੀ ਤਰ੍ਹਾਂ ਢਹਿ-ਢੇਰੀ’ ਹੋ ਚੁੱਕੀ ਹੈ।

