ਨਵੀਂ ਦਿੱਲੀ, 17 ਅਕਤੂਬਰ
ਰਾਸ਼ਟਰੀ ਰਾਜਧਾਨੀ ਦੀ ਹਵਾ ਐਤਵਾਰ ਸਵੇਰੇ ‘ਬਹੁਤ ਖਰਾਬ’ ਸ਼੍ਰੇਣੀ ‘ਚ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਵਧਿਆ ਹੈ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਇਸ ਨੂੰ ਰੋਕਣ ਵਿੱਚ ਕਿਸਾਨਾਂ ਦੀ ਮਦਦ ਨਹੀਂ ਕਰ ਰਹੀਆਂ। ਉਨ੍ਹਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ।
ਦੂਜੇ ਪਾਸੇ ਧਰਤੀ ਵਿਗਿਆਨ ਮੰਤਰਾਲੇ ਦੀ ਪੂਰਵ ਅਨੁਮਾਨ ਬਾਡੀ ਸਫਰ ਨੇ ਅੱਜ ਕਿਹਾ ਕਿ ਸ਼ਹਿਰ ਵਿਚ ਹਵਾ ਦੀ ਗੁਣਵੱਤਾ 350 ਦਰਜ ਕੀਤੀ ਗਈ ਜੋ ਕਿ ਪੀਐੱਮ2.5 ਲੀਡ ਪ੍ਰਦੂਸ਼ਕ ਨਾਲ ‘ਬਹੁਤ ਮਾੜੀ’ ਕੈਟਾਗਰੀ ਵਿਚ ਆਉਂਦੀ ਹੈ ਪਰ ਦਿੱਲੀ ਦੀ ਮਾੜੀ ਆਬੋ-ਹਵਾ ਵਿਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ 2 ਫ਼ੀਸਦ ਘਟੀ ਹੈ। ਇਸ ਸੰਸਥਾ ਨੇ ਕਿਹਾ ਕਿ ਹਲਕੇ ਮੀਂਹ ਨਾਲ ਕੁਝ ਰਾਹਤ ਮਿਲੇਗੀ। -ਪੀਟੀਆਈ