Delhi ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ
ਮੁੱਖ ਮੰਤਰੀ ਨੇ ਫਾਰਮ ਭਰ ਕੇ ਸ਼ੁਰੂਆਤ ਕੀਤੀ; 70 ਵਿਧਾਨ ਸਭਾ ਹਲਕਿਆਂ ਵਿੱਚ ਘਰ-ਘਰ ਜਾਣਗੇ ਬੀ ਐੱਲ ਓਜ਼
ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਖ਼ੁਦ ਆਪਣਾ ਫਾਰਮ ਭਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਆਮ ਲੋਕਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਇਸ ਪ੍ਰਕਿਰਿਆ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਚੋਣ ਦਫ਼ਤਰ ਦੇ ਅਧਿਕਾਰੀਆਂ ਅਨੁਸਾਰ ਇੱਕ ਮਹੀਨੇ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ 13,000 ਤੋਂ ਵੱਧ ਬੂਥ ਲੈਵਲ ਅਫਸਰ (ਬੀ ਐੱਲ ਓ) ਰਾਜਧਾਨੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਫਾਰਮ ਵੰਡਣਗੇ। ਫਾਰਮ ਨਾ ਭਰਨ ਵਾਲਿਆਂ ਦੇ ਨਾਂ ਸੂਚੀ ਵਿੱਚੋਂ ਕੱਟੇ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਵੇਰਵਿਆਂ ਵਾਲਾ ਫਾਰਮ ਭਰ ਕੇ ਜਮ੍ਹਾਂ ਕਰਵਾ ਦਿੱਤਾ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਅਹਿਮ ਦੱਸਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਫਾਰਮ ਭਰ ਕੇ ਬੀ ਐੱਲ ਓ ਕੋਲ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਇੱਕ ਸਹੀ ਅਤੇ ਨਵੀਨਤਮ ਵੋਟਰ ਸੂਚੀ ਹੀ ਮਜ਼ਬੂਤ ਲੋਕਤੰਤਰ ਦੀ ਨੀਂਹ ਹੁੰਦੀ ਹੈ, ਇਸ ਲਈ ਸਾਰਿਆਂ ਨੂੰ ਜਾਗਰੂਕ ਨਾਗਰਿਕ ਵਜੋਂ ਇਸ ਵਿੱਚ ਆਪਣੀ ਹਿੱਸੇਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ। ਮੁੱਖ ਚੋਣ ਅਫ਼ਸਰ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ ਐੱਲ ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਵੇਰੇ ਅਤੇ ਸ਼ਾਮ ਨੂੰ ਲੋਕਾਂ ਦੇ ਘਰਾਂ ਵਿੱਚ ਜਾਣ, ਜਦੋਂ ਆਮ ਤੌਰ ’ਤੇ ਨਾਗਰਿਕ ਘਰਾਂ ਵਿੱਚ ਮੌਜੂਦ ਹੁੰਦੇ ਹਨ। ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਕਰਨ ਦਾ ਇਹ ਕਾਰਜ 29 ਜੁਲਾਈ ਤੱਕ ਨਿਰੰਤਰ ਜਾਰੀ ਰਹੇਗਾ। ਦਿੱਲੀ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵੀ ਆਪਣੇ ਬੂਥ ਲੈਵਲ ਏਜੰਟਾਂ (ਬੀ ਐੱਲ ਏ) ਰਾਹੀਂ ਇਸ ਸਰਵੇਖਣ ਵਿੱਚ ਹਿੱਸਾ ਲੈ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਵਿੱਚ ਮਦਦ ਕੀਤੀ ਜਾ ਸਕੇ। ਰਾਜਧਾਨੀ ਦੇ ਸੱਤ ਲੋਕ ਸਭਾ ਅਤੇ 70 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 13,033 ਪੋਲਿੰਗ ਸਟੇਸ਼ਨ ਹਨ।
ਇਸ ਮੁਹਿੰਮ ਦੌਰਾਨ ਬੀ ਐੱਲ ਓ ਹਰੇਕ ਵੋਟਰ ਨੂੰ ਫਾਰਮ ਦੀਆਂ ਦੋ ਕਾਪੀਆਂ ਦੇਣਗੇ, ਜਿਸ ਵਿੱਚ ਵੋਟਰਾਂ ਨੂੰ ਸਾਲ 2002 ਦੀ ਆਖਰੀ ਸੁਧਾਈ ਮੁਤਾਬਕ ਆਪਣਾ ਵੇਰਵਾ ਦੇਣਾ ਪਵੇਗਾ। ਇੱਕ ਫਾਰਮ ਵੋਟਰ ਕੋਲ ਰਸੀਦ ਵਜੋਂ ਰਹੇਗਾ, ਜਦਕਿ ਦੂਜਾ ਬੀ ਐੱਲ ਓ ਨੂੰ ਵਾਪਸ ਕਰਨਾ ਪੇਵੇਗਾ। ਇਸ ਫਾਰਮ ਦੇ ਨਾਲ ਕੋਈ ਵੀ ਦਸਤਾਵੇਜ਼ ਨੱਥੀ ਕਰਨ ਦੀ ਲੋੜ ਨਹੀਂ ਹੈ। ਹਰੇਕ ਵੋਟਰ ਲਈ ਇਹ ਫਾਰਮ ਭਰਨਾ ਲਾਜ਼ਮੀ ਹੈ ਤਾਂ ਜੋ ਉਨ੍ਹਾਂ ਦਾ ਨਾਂ 7 ਅਕਤੂਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਹੋ ਸਕੇ। ਚੋਣ ਦਫ਼ਤਰ ਮੁਤਾਬਕ, ਫਾਰਮ ਨਾ ਭਰਨ ਵਾਲਿਆਂ ਦੇ ਨਾਂ 5 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ (ਡਰਾਫਟ) ਸੂਚੀ ਵਿੱਚੋਂ ਹਟਾ ਦਿੱਤੇ ਜਾਣਗੇ।
ਪਹਿਲੇ ਦਿਨ ਹੀ ਪੋਰਟਲ ਠੱਪ
ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਤਹਿਤ ਫੀਲਡ ਵੈਰੀਫਿਕੇਸ਼ਨ ਭਾਵ ਜ਼ਮੀਨੀ ਪੜਤਾਲ ਦੀ ਪ੍ਰਕਿਰਿਆ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਈ ਹੈ। ਹਾਲਾਂਕਿ, ਮੁਹਿੰਮ ਦੇ ਪਹਿਲੇ ਹੀ ਦਿਨ ਚੋਣ ਕਮਿਸ਼ਨ ਦਾ ਅਧਿਕਾਰਤ ਪੋਰਟਲ ਤਕਨੀਕੀ ਖ਼ਰਾਬੀ ਕਾਰਨ ਵੱਡੀ ਰੁਕਾਵਟ ਸਾਬਤ ਹੋਇਆ। ਪੋਰਟਲ ਨਾ ਖੁੱਲ੍ਹਣ ਕਾਰਨ ਬੂਥ ਲੈਵਲ ਅਫਸਰਾਂ (ਬੀ ਐੱਲ ਓ) ਅਤੇ ਸਥਾਨਕ ਨਿਵਾਸੀਆਂ ਦੋਵਾਂ ਨੂੰ ਭਾਰੀ ਨਿਰਾਸ਼ਾ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਔਨਲਾਈਨ ਪ੍ਰਣਾਲੀ ਬੰਦ ਹੋਣ ਕਾਰਨ ਸਵੇਰੇ ਪੜਤਾਲ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਲੰਬੀ ਜੱਦੋਜਹਿਦ ਤੋਂ ਬਾਅਦ ਇਹ ਪੋਰਟਲ ਦੁਪਹਿਰ ਵੇਲੇ ਹੀ ਚਾਲੂ ਹੋ ਸਕਿਆ, ਪਰ ਕਈ ਥਾਵਾਂ ’ਤੇ ਬਾਅਦ ਵਿੱਚ ਵੀ ਤਕਨੀਕੀ ਦਿੱਕਤਾਂ ਆਉਂਦੀਆਂ ਰਹੀਆਂ।
