ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
ਸੋਨਾਲੀਕਾ ਟਰੈਕਟਰ ਵੱਲੋਂ ਦੀਪਕ ਮਿੱਤਲ ਅਤੇ ਉਹਨਾਂ ਦੀ ਧਰਮ ਪਤਨੀ ਸੁਰਬੀ ਮਿੱਤਲ ਨੇ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਵਾਸਤੇ ਲੰਗਰ ਲਈ 5-5 ਹਜ਼ਾਰ ਕਿਲੋ ਚੌਲ, ਆਟਾ ਤੇ ਦਾਲ ਲੰਗਰ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਭੇਟ ਕੀਤੇ। ਇਸ ਦੇ ਨਾਲ ਹੀ 1000 ਕੰਬਲ ਅਤੇ 1000 ਗੱਦੇ ਵੀ ਦਿੱਤੇ ਗਏ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਸ. ਪਰਮਜੀਤ ਚੰਢੋਕ ਤੇ ਹੋਰਨਾ ਵੱਲੋਂ ਇਸ ਰਸਦ ਨੂੰ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀਸਿਰਸਾ ਨੇ ਦੱਸਿਆ ਕਿ ਸੋਨਾਲੀਕਾ ਕੰਪਨੀ ਦਾ ਇਹ ਬਹੁਤ ਵੱਡਾ ਉਪਰਾਲਾ ਕਿਸਾਨਾਂ ਦੀ ਸੇਵਾ ਵਾਸਤੇ ਕੀਤਾ ਗਿਆ ਹੈ ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਸਫਲਤਾ ਵਾਸਤੇ ਅੱਜ ਸਮਾਜ ਦਾ ਹਰ ਵਰਗ ਅੱਗੇ ਆਇਆ ਹੈ ਕਿਉਂਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਸਮਾਜ ਦੇ ਹਰ ਵਰਗ ਦੀ ਲੜਾਈ ਹੈ। ਉਹਨਾਂ ਕਿਹਾ ਕਿ ਅੰਨਦਾਤਾ ਵੱਲੋਂ ਪੈਦਾ ਕੀਤਾ ਹੋਇਆ ਅੰਨ ਸਮਾਜ ਦਾ ਹਰ ਵਰਗ ਛਕਦਾ ਹੈ ਤਾਂ ਹੀ ਜਿਉਂਦਾ ਹੈ। ਸ੍ਰੀ ਸਿਰਸਾ ਨੇ ਦੱਸਿਆ ਕਿ ਕੰਪਨੀ ਵੱਲੋਂ ਹੋਰ ਕੰਬਲ ਅਤੇ ਗੱਦੇ (ਮੈਟਰਸ) ਵੀ ਦਿੱਤੇ ਜਾ ਰਹੇ ਹਨ। ਉਹਨਾਂ ਮੁੜ ਦੁਹਰਾਇਆ ਕਿ ਜਿੰਨੇ ਚਿਰ ਤੱਕ ਇਹ ਕਿਸਾਨੀ ਸੰਘਰਸ਼ ਚਲਦਾ ਰਹੇਗਾ, ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂ ਦੀ ਸੇਵਾਵਾਸਤੇ ਡਟੀ ਰਹੇਗੀ। ਕਮੇਟੀ ਵੱਲੋਂ ਪਹਿਲਾਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ, ਫਿਰ ਦਵਾਈਆਂ ਦਾ ਲੰਗਰ ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ, ਫਿਰ ਰੋਟੀ ਬਣਾਉਣ ਵਾਲੀ ਮਸ਼ੀਨ ਤੇ ਟੈਂਟਾਂ ਵਿਚ ਰੈਣ ਬਸੇਰਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ’ਤੇ ਮਨਜੀਤ ਸਿੰਘ ਔਲਖ ਅਤੇ ਵਿਕਰਮਜੀਤ ਸਿੰਘ ਰੋਹਿਣੀ, ਕੁਲਦੀਪ ਸਿੰਘ ਸਾਹਨੀ ਪਟੇਲ ਨਗਰ ਵੀ ਮੌਜੂਦ ਰਹੇ।