ਸਾਕੇਤ ’ਚ ਤਿੰਨ ਮੰਜ਼ਿਲਾ ਇਮਾਰਤ ਢਹਿਣ ਕਾਰਨ ਛੇ ਮੌਤਾਂ
ਦੱਖਣੀ ਦਿੱਲੀ ਦੇ ਸਈਦ-ਉਲ-ਅਜਾਇਬ ਖੇਤਰ ਵਿੱਚ ਕੱਲ੍ਹ ਦੇਰ ਸ਼ਾਮ ਸਾਕੇਤ ਮੈਟਰੋ ਸਟੇਸ਼ਨ ਨੇੜੇ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਢਹਿਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਏਮਜ਼ ਟਰਾਮਾ ਸੈਂਟਰ ਵਿੱਚ ਦਾਖ਼ਲ...
ਦੱਖਣੀ ਦਿੱਲੀ ਦੇ ਸਈਦ-ਉਲ-ਅਜਾਇਬ ਖੇਤਰ ਵਿੱਚ ਕੱਲ੍ਹ ਦੇਰ ਸ਼ਾਮ ਸਾਕੇਤ ਮੈਟਰੋ ਸਟੇਸ਼ਨ ਨੇੜੇ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਢਹਿਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਏਮਜ਼ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਐੱਫ ਆਈ ਆਰ ਦਰਜ ਕਰ ਲਈ ਹੈ। ਅਧਿਕਾਰੀਆਂ ਅਨੁਸਾਰ ਇਮਾਰਤ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ’ਚੋਂ ਕੁਝ ਲੋਕ ਫੌਰਨ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਅਧਿਕਾਰੀਆਂ ਅਨੁਸਾਰ ਐਮਰਜੈਂਸੀ ਟੀਮਾਂ ਨੇ ਇਮਾਰਤ ਦੇ ਮਲਬੇ ’ਚੋਂ ਨੌਂ ਜਣਿਆਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਹੈ।
ਜਾਣਕਾਰੀ ਅਨੁਸਾਰ ਪੱਛਮੀ ਮਾਰਗ ਸਥਿਤ ਸਈਦ-ਉਲ-ਅਜਾਇਬ ਖੇਤਰ ਇੱਕ ਵਿਅਸਤ ਇਲਾਕਾ ਹੈ ਅਤੇ ਇਹ ਕੋਚਿੰਗ ਸੈਂਟਰਾਂ ਅਤੇ ਵਿਦਿਆਰਥੀਆਂ ਲਈ ਮੈੱਸ ਸਹੂਲਤਾਂ ਲਈ ਜਾਣਿਆ ਜਾਂਦਾ ਹੈ। ਜਦੋਂ ਇਹ ਘਟਨਾ ਵਾਪਰੀ ਇਮਾਰਤ ਦੀ ਉਪਰਲੀ ਮੰਜ਼ਿਲ ’ਤੇ ਉਸਾਰੀ ਕਾਰਜ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਪੂਰੀ ਤਰ੍ਹਾਂ ਮਲਬੇ ਵਿੱਚ ਤਬਦੀਲ ਹੋ ਗਈ ਅਤੇ ਉਸ ਦਾ ਮਲਬਾ ਨੇੜੇ ਸਥਿਤ ਟੀਨ ਦੇ ਸ਼ੈੱਡ ਵਾਲੀ ਇੱਕ ਕੈਂਟੀਨ ’ਤੇ ਵੀ ਡਿੱਗਿਆ, ਜਿੱਥੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਪੁਲੀਸ ਅਨੁਸਾਰ ਇਮਾਰਤ ਵਿੱਚ ਇੱਕ ਕੋਚਿੰਗ ਇੰਸਟੀਚਿਊਟ, ਕੈਫੇ ਅਤੇ ਦਫ਼ਤਰ ਹਨ, ਜਦੋਂ ਕਿ ਘਟਨਾ ਦੇ ਸਮੇਂ ਉੱਪਰਲੀ ਮੰਜ਼ਿਲ ’ਤੇ ਉਸਾਰੀ ਕਾਰਜ (ਬਿਲਡਿੰਗ ਬਣਾਉਣ ਦਾ ਕੰਮ) ਚੱਲ ਰਿਹਾ ਸੀ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਸਾਰੀ ਕਾਰਨ ਇਹ ਘਟਨਾ ਵਾਪਰੀ ਹੈ। ਪੁਲੀਸ ਨੇ ਜ਼ਖ਼ਮੀਆਂ ਦੀ ਪਛਾਣ ਗੁਰੂਗ੍ਰਾਮ ਤੋਂ ਤਰੁਣ ਕੁਮਾਰ, ਬਿਹਾਰ ਤੋਂ ਸਾਈਕਾ ਖਾਨ (27), ਬਿਹਾਰ ਤੋਂ ਨੀਲਮ ਯਾਦਵ (25), ਆਦਿਤਿਆ ਸ਼ਰਮਾ (24), ਨੋਇਡਾ ਤੋਂ ਕਸ਼ਿਤਿਜ ਪ੍ਰਤਾਪ (25), ਅਨੁਜ ਦੀਕਸ਼ਿਤ (25), ਆਸਥਾ (25) ਅਤੇ ਵਿਸ਼ਾਲ (24) ਵਜੋਂ ਕੀਤੀ ਹੈ। ਸਾਰਿਆਂ ਦਾ ਏਮਜ਼ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਦੱਖਣੀ ਦਿੱਲੀ ਦੇ ਡੀ ਸੀ ਪੀ ਅਨੰਤ ਮਿੱਤਲ ਨੇ ਦੱਸਿਆ ਕਿ ਘਟਨਾ ਸਬੰਧੀ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਨਗਰ ਨਿਗਮ ਦਾ ਜੇ ਈ ਤੇ ਏ ਈ ਮੁਅੱਤਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰਨ ਮਗਰੋਂ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਦਿੱਲੀ ਨਗਰ ਨਿਗਮ ਜੇ ਈ ਅਤੇ ਏ ਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੋਂ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਜ਼ਿਲ੍ਹਾ ਮੈਜਿਸਟ੍ਰੇਟ (ਡੀ ਐਮ) ਦੀ ਅਗਵਾਈ ਹੇਠ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਨੇੜਲੇ ਖੰਡਰ ਅਤੇ ਖਤਰਨਾਕ ਇਮਾਰਤਾਂ ਦਾ ਨਿਰੀਖਣ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਨਿਗਮ ਦੇ ਜੇ ਈ ਅਮਨ ਜੈਨ ਅਤੇ ਏ ਈ ਸੁਦੇਸ਼ ਸਿੰਘ ਚੌਹਾਨ ਨੂੰ ਹਾਦਸੇ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਮੁੱਖ ਮੰਤਰੀ ਰੇਖਾ ਦੇ ਨਿਰੀਖਣ ਤੋਂ ਬਾਅਦ ਕੀਤੀ ਗਈ।

