ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਅੱਜ ਦਿੱਲੀ ਰੌਜ਼ ਐਵੇਨਿਊ ਦੀ ਸੀਬੀਆਈ ਅਤੇ ਈ.ਡੀ. ਅਦਾਲਤ ਦੇ ਦੋ ਫੈਸਲਿਆਂ ਨੇ ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚਿੰਤਾ ਵਧਾ ਦਿੱਤੀ ਹੈ, ਉੱਥੇ ਹੀ ਮਨੀਸ਼ ਸਿਸੋਦੀਆ ਦੀ ਨੀਂਦ ਜ਼ਰੂਰ ਉੱਡ ਗਈ ਹੈ। ਸ੍ਰੀ ਸਚਦੇਵਾ ਨੇ ਕਿਹਾ ਕਿ ਪਹਿਲੇ ਫ਼ੈਸਲੇ ਅਨੁਸਾਰ ਅਦਾਲਤ ਵੱਲੋਂ ਸ਼ਰਾਬ ਘੁਟਾਲੇ ਦੇ ਮੁਲਜ਼ਮ ਸਰਥ ਪੀ.ਰੈੱਡੀ ਦੀ ਅਰਜ਼ੀ ਨੂੰ ਮਨਜ਼ੂਰੀ ਦੇਣ ਅਤੇ ਉਸ ਦੇ ਵਾਅਦਾ ਮੁਆਫ਼ ਗਵਾਹ ਦੀ ਅਪੀਲ ਨੂੰ ਸਵੀਕਾਰ ਕਰਨ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਦਿੱਲੀ ਸਰਕਾਰ ਦੇ ਸ਼ਰਾਬ ਘੁਟਾਲੇ ਦਾ ਦੱਖਣੀ ਭਾਰਤ ਨਾਲ ਸਬੰਧ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਹਫਤੇ ਸ਼ਰਾਬ ਘੁਟਾਲੇ ਵਿੱਚ ਮਨੀਸ਼ ਸਿਸੋਦੀਆ ਦੀ ਅਦਾਲਤ ‘ਚ ਪੇਸ਼ੀ ਦੌਰਾਨ ਮੀਡੀਆ ਨਾਲ ਗੱਲ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਅੱਜ ਅਦਾਲਤ ਨੇ ਦਿੱਲੀ ਪੁਲੀਸ ਦੀ ਦਲੀਲ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਅੱਜ ਤੇ ਆਉਣ ਵਾਲੀਆਂ ਤਰੀਕਾਂ ‘ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਵੱਲੋਂ ਹਰ ਤਰੀਕ ‘ਤੇ ਦਿੱਤੇ ਜਾਂਦੇ ਸਿਆਸੀ ਬਿਆਨਾਂ ‘ਤੇ ਵੀ ਰੋਕ ਲੱਗੇਗੀ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਅਤੇ ਸਿਸੋਦੀਆ ਦੀ ਭੂਮਿਕਾ ਦਾ ਅਦਾਲਤ ‘ਚ ਫੈਸਲਾ ਹੋਵੇਗਾ ਤੇ ਦੋਵਾਂ ਨੂੰ ਲੰਬੀ ਸਜ਼ਾ ਮਿਲੇਗੀ।