ਸਿਸੋਦੀਆ ਨੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਮਨਜ਼ੂਰੀ ਮੰਗੀ : The Tribune India

ਸਿਸੋਦੀਆ ਨੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਮਨਜ਼ੂਰੀ ਮੰਗੀ

ਉਪ ਰਾਜਪਾਲ ਵੀਕੇ ਸਕਸੈਨਾ ਨੂੰ ਮੁੜ ਪੱਤਰ ਲਿਖਿਆ; ਗੰਭੀਰ ਮਾਮਲਿਆਂ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ: ਸਿੱਖਿਆ ਮੰਤਰੀ

ਸਿਸੋਦੀਆ ਨੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਮਨਜ਼ੂਰੀ ਮੰਗੀ

ਦਿੱਲੀ ਵਿੱਚ ਉਸਾਰੀ ਅਧੀਨ ਸਕੂਲ ਦਾ ਦੌਰਾ ਕਰਦੇ ਹੋਏ ਮਨੀਸ਼ ਸਿਸੋਦੀਆ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 31 ਜਨਵਰੀ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਮੁੜ ਪੱਤਰ ਲਿਖ ਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀ ਪ੍ਰਵਾਨਗੀ ਮੰਗੀ ਹੈ। ਜ਼ਿਕਰਯੋਗ ਹੈ ਕਿ ਸਿਸੋਦੀਆ ਨੇ 20 ਜਨਵਰੀ ਨੂੰ ਵੀ ਐਲਜੀ ਦਫ਼ਤਰ ਵਿੱਚ ਪੱਤਰ ਭੇਜਕੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀ ਪ੍ਰਵਾਨਗੀ ਮੰਗੀ ਸੀ, ਪਰ ਐਲਜੀ ਨੇ ਪ੍ਰੋਗਰਾਮ ’ਤੇ ਲਾਗਤ ਅਤੇ ਲਾਭ ਬਾਰੇ ਮੁਲਾਂਕਣ ਕਰਨ ਲਈ ਆਖਿਆ ਸੀ। ਅੱਜ ਸਿਸੋਦੀਆ ਨੇ ਕਿਹਾ ਕਿ ਗੰਭੀਰ ਮਾਮਲਿਆਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਰਾਜਪਾਲ ਵੱਲੋਂ ਇਸ ਫਾਈਲ ਨੂੰ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੇ 30 ਅਧਿਆਪਕਾਂ ਨੇ ਪਿਛਲੇ ਸਾਲ ਸਿਖਲਾਈ ਲਈ ਵਿਦੇਸ਼ ਜਾਣਾ ਸੀ ਪਰ ਉਦੋਂ ਵੀ ਐਲ-ਜੀ ਨੇ ਫਾਈਲ ਰੋਕ ਦਿੱਤੀ ਸੀ। ਹੁਣ ਇੱਕ ਵਾਰ ਫਿਰ ਮਾਰਚ 2023 ਵਿੱਚ 30 ਅਧਿਆਪਕਾਂ ਦੀ ਸਿਖਲਾਈ ਰੱਦ ਹੋਣ ਦੀ ਕਗਾਰ ‘ਤੇ ਹੈ। ਸਿਸੋਦੀਆ ਦੁਆਰਾ ਐਲਜੀ ਨੂੰ ਲਿਖੇ ਪੱਤਰ ਦੀ ਕਾਪੀ ਸਾਂਝੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਟਵੀਟ ਕੀਤਾ, “ਮੈਂ ਮਾਨਯੋਗ ਐਲ-ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਜਾਣ ਦੀ ਆਗਿਆ ਦੇਣ। ਮਾਣਯੋਗ ਐਲ-ਜੀ ਨੇ ਖੁਦ ਕਿਹਾ ਸੀ ਕਿ ਉਹ ਇਸ ਦੇ ਵਿਰੁੱਧ ਨਹੀਂ ਹਨ’। ਸਿਸੋਦੀਆ ਨੇ ਪੱਤਰ ‘ਚ ਕਿਹਾ, ‘’ਦਿੱਲੀ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀ ਫਾਈਲ 20 ਜਨਵਰੀ ਤੋਂ ਤੁਹਾਡੇ ਮੇਜ਼ ‘ਤੇ ਪਈ ਹੈ। ਤੁਸੀਂ ਨਾ ਤਾਂ ਇਸ ਪ੍ਰਸਤਾਵ ਨੂੰ ਆਪਣੀ ਸਹਿਮਤੀ ਦਿੱਤੀ ਹੈ ਅਤੇ ਨਾ ਹੀ ਤੁਸੀਂ ਇਸ ‘ਤੇ ਆਪਣੀ ਅਸਹਿਮਤੀ ਜ਼ਾਹਿਰ ਕਰਦੇ ਹੋਏ ਫੈਸਲਾ ਲੈਣ ਲਈ ਇਸ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਮਾਰਟ ਸਕੂਲ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਮਹਿਰਮ ਨਗਰ ਵਿੱਚ ਬਣਾਏ ਜਾ ਰਹੇ ਡਾ. ਬੀ.ਆਰ. ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਸਕੂਲ ਦੀ ਨਵੀਂ ਇਮਾਰਤ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਸਕੂਲ ਦੀ ਇਮਾਰਤ ਆਮ ਸਕੂਲਾਂ ਨਾਲੋਂ ਵੱਖਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਦੇਸ਼ ਦਾ ਸਭ ਤੋਂ ਅਤਿ ਆਧੁਨਿਕ ਸਰਕਾਰੀ ਸਕੂਲ ਤਿਆਰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਸਕੂਲ ਦਾ ਨਕਸ਼ਾ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਸਕੂਲ ਦੀ ਛੱਤ ਦੀ ਵੀ ਪੂਰੀ ਵਰਤੋਂ ਕੀਤੀ ਜਾ ਸਕੇ। ਬਾਹਰੀ ਖੇਡ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੀ ਇਸ ਵਿਲੱਖਣ ਇਮਾਰਤ ਦੀ ਛੱਤ ‘ਤੇ ਬਾਸਕਟਬਾਲ, ਟੈਨਿਸ ਅਤੇ ਵਾਲੀਬਾਲ ਕੋਰਟ ਤਿਆਰ ਕੀਤੀ ਜਾਵੇਗੀ। ਸਕੂਲ ਵਿੱਚ ਇੱਕ ਸ਼ਾਨਦਾਰ ਸੈਮੀ ਓਲੰਪਿਕ ਆਕਾਰ ਦਾ ਸਵੀਮਿੰਗ ਪੂਲ ਵੀ ਬਣਾਇਆ ਜਾਵੇਗਾ। ਸਕੂਲ ਵਿੱਚ 55 ਕਲਾਸਰੂਮਾਂ ਦੇ ਨਾਲ-ਨਾਲ ਸਾਰੀਆਂ ਤਕਨੀਕਾਂ ਅਤੇ ਸਾਧਨਾਂ ਨਾਲ ਲੈਸ 8 ਲੈਬਾਰਟਰੀਆਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸਕੂਲ ਦੀ ਇਮਾਰਤ ਵਿੱਚ ਰੇਨ-ਵਾਟਰ ਹਾਰਵੈਸਟਿੰਗ ਸਿਸਟਮ ਵਰਗੀਆਂ ਆਧੁਨਿਕ ਸਹੂਲਤਾਂ ਵੀ ਲਗਾਈਆਂ ਜਾਣਗੀਆਂ। ਸਕੂਲ ਵਿੱਚ 750 ਲੋਕਾਂ ਦੀ ਸਮਰੱਥਾ ਵਾਲਾ ਇੱਕ ਆਡੀਟੋਰੀਅਮ ਅਤੇ 1000 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਓਪਨ ਐਂਫੀਥੀਏਟਰ ਵੀ ਬਣਾਇਆ ਜਾਵੇਗਾ। ਇਹ ਸਕੂਲ ਜੁਲਾਈ ਤੱਕ ਬਣ ਕੇ ਤਿਆਰ ਹੋ ਜਾਵੇਗਾ ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਸਬੰਧਤ ਸਾਰੀਆਂ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿੱਚ ਸਕੂਲ ਨੂੰ ਠੰਢਾ ਰੱਖਣ ਲਈ ਰੈਡੀਐਂਟ ਕੂਲਿੰਗ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਕਲਾਸਰੂਮਾਂ ਦਾ ਤਾਪਮਾਨ ਆਮ ਤਾਪਮਾਨ ਤੋਂ 8-10 ਡਿਗਰੀ ਤੱਕ ਘੱਟ ਜਾਵੇਗਾ।

  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All