ਦਿੱਲੀ ਵਿੱਚ ਅੱਜ ਤੋਂ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਤਹਿਤ ਬੂਥ ਲੈਵਲ ਅਫਸਰਾਂ (ਬੀ ਐੱਲ ਓ) ਨੇ ਘਰ-ਘਰ ਜਾ ਕੇ ਫਾਰਮ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਮੁਹਿੰਮ ਦੇ ਪਹਿਲੇ ਹੀ ਦਿਨ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੀ ਐੱਲ ਓਜ਼ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਪਤੇ ਲੱਭਣਾ ਅਤੇ ਹਰੇਕ ਪਰਿਵਾਰ ਤੱਕ ਪਹੁੰਚ ਯਕੀਨੀ ਬਣਾਉਣਾ ਵੱਡੀ ਚੁਣੌਤੀ ਹੋਵੇਗਾ। ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚ 13,000 ਤੋਂ ਵੱਧ ਬੀ ਐੱਲ ਓਜ਼ ਇਸ ਵੋਟਰ ਪੜਤਾਲ ਮੁਹਿੰਮ ਵਿੱਚ ਜੁਟੇ ਹੋਏ ਹਨ।
ਬਾਬਰਪੁਰ ਵਿਧਾਨ ਸਭਾ ਹਲਕੇ ਦੇ ਸੁਭਾਸ਼ ਮੁਹੱਲਾ ਵਿੱਚ ਤਾਇਨਾਤ ਇੱਕ ਹੋਰ ਬੀ ਐੱਲ ਓ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਵੇਰੇ 10 ਵਜੇ ਸ਼ੁਰੂ ਹੋਇਆ ਇਹ ਕੰਮ ਸਰੀਰਕ ਤੌਰ ’ਤੇ ਬਹੁਤ ਥਕਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਮਿਸ਼ਰਤ ਆਬਾਦੀ ਹੈ ਅਤੇ ਜ਼ਿਆਦਾਤਰ ਪੱਕੇ ਮਕਾਨ ਬਣੇ ਹੋਏ ਹਨ, ਇਸ ਦੇ ਬਾਵਜੂਦ ਸਹੀ ਪਤਿਆਂ ਦੀ ਨਿਸ਼ਾਨਦੇਹੀ ਕਰਨਾ ਵੱਡੀ ਸਮੱਸਿਆ ਹੈ। ਕਈ ਮਾਮਲਿਆਂ ਵਿੱਚ ਲੋਕ ਆਪਣੇ ਘਰਾਂ ਵਿੱਚ ਮੌਜੂਦ ਨਹੀਂ ਹੁੰਦੇ ਜਾਂ ਵਾਰ-ਵਾਰ ਜਾਣ ’ਤੇ ਵੀ ਕੋਈ ਜਵਾਬ ਨਹੀਂ ਮਿਲਦਾ, ਜਿਸ ਕਾਰਨ ਟੀਮਾਂ ਨੂੰ ਬਾਅਦ ਵਿੱਚ ਦੁਬਾਰਾ ਉਸੇ ਘਰ ਜਾਣਾ ਪੈਂਦਾ ਹੈ। ਪਹਿਲੇ ਦਿਨ ਦੇ ਰੁਝਾਨ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਦਾ ਬੋਝ ਹੋਰ ਵਧੇਗਾ।
ਦਿੱਲੀ ਮੁੱਖ ਚੋਣ ਅਫ਼ਸਰ (ਸੀ ਈ ਓ) ਦੇ ਦਫ਼ਤਰ ਤੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੀ ਐੱਲ ਓਜ਼ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਗਈ ਹੈ ਕਿ ਉਹ ਸਵੇਰੇ ਜਲਦੀ ਅਤੇ ਸ਼ਾਮ ਦੇ ਸਮੇਂ ਘਰ-ਘਰ ਜਾ ਕੇ ਸਰਵੇਖਣ ਕਰਨ।
ਇਸ ਤੋਂ ਇਲਾਵਾ ਸ਼ਨਿਚਰਵਾਰ ਅਤੇ ਐਤਵਾਰ (ਛੁੱਟੀ ਵਾਲੇ ਦਿਨ) ਨੂੰ ਵੀ ਇਹ ਮੁਹਿੰਮ ਸਰਗਰਮੀ ਨਾਲ ਚਲਾਈ ਜਾਵੇਗੀ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਨੌਕਰੀਪੇਸ਼ਾ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਮਿਲਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟ (ਬੀ ਐੱਲ ਏ) ਵੀ ਇਸ ਸਾਰੀ ਪ੍ਰਕਿਰਿਆ ਦੌਰਾਨ ਵੋਟਰਾਂ ਦਾ ਮਾਰਗਦਰਸ਼ਨ ਕਰਨ ਲਈ ਫੀਲਡ ਵਿੱਚ ਸਹਿਯੋਗ ਦੇ ਰਹੇ ਹਨ।
ਸਥਾਨਕ ਲੋਕਾਂ ਵੱਲੋਂ ਚੋਣ ਅਮਲੇ ਦੀ ਸ਼ਲਾਘਾ
ਨਿਵਾਸੀਆਂ ਨੇ ਚੋਣ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀ ਐੱਲ ਓਜ਼ ਉਨ੍ਹਾਂ ਨੂੰ ਫਾਰਮ ਦੇ ਸਾਰੇ ਨਿਯਮ ਚੰਗੀ ਤਰ੍ਹਾਂ ਸਮਝਾ ਰਹੇ ਹਨ ਅਤੇ ਲੋੜੀਂਦੇ ਵੇਰਵੇ ਭਰਨ ਵਿੱਚ ਪੂਰੀ ਮਦਦ ਕਰ ਰਹੇ ਹਨ। ਇੱਕ ਵੋਟਰ ਨੇ ਦੱਸਿਆ ਕਿ ਅਧਿਕਾਰੀ ਨੇ ਨਾ ਸਿਰਫ਼ ਫਾਰਮ ਭਰਵਾਇਆ, ਸਗੋਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪੁੱਛਗਿੱਛ ਲਈ ਆਪਣਾ ਸੰਪਰਕ ਨੰਬਰ ਵੀ ਸਾਂਝਾ ਕੀਤਾ ਹੈ। ਲੋਕਾਂ ਅਨੁਸਾਰ ਇਸ ਸੁਚੱਜੀ ਪ੍ਰਕਿਰਿਆ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਚ ਰਿਹਾ ਹੈ ਅਤੇ ਕਿਸੇ ਦਫ਼ਤਰ ਦੇ ਚੱਕਰ ਕੱਟਣ ਦੀ ਲੋੜ ਵੀ ਨਹੀਂ ਪੈ ਰਹੀ।
