Sikh heritage: ਬੱਚਿਆਂ ਨੂੰ ਸਿੱਖ ਵਿਰਾਸਤ ਦੇ ਸੁਨਹਿਰੇ ਪੰਨੇ ਦਸਤਾਵੇਜ਼ੀ ਦਿਖਾਈ
ਡਾਕੂਮੈਂਟਰੀ ਬਣਾਉਣ ’ਤੇ ਰਜਿੰਦਰ ਸਿੰਘ ਵਿਰਾਸਤ ਦਾ ਸਨਮਾਨ
ਸ਼ੁਭ ਕਰਮ ਸੇਵਾ ਸੁਸਾਇਟੀ ਦਿੱਲੀ ਵੱਲੋਂ ਗੁਰਦੁਆਰਾ ਸਿੰਘ ਸਭਾ ਮੁਖਰਜੀ ਪਾਰਕ ਵਿੱਚ ਬੱਚਿਆਂ ਨੂੰ ‘ਸਿੱਖ ਵਿਰਾਸਤ ਦੇ ਸੁਨਹਿਰੇ ਪੰਨੇ’ ਦਸਤਾਵੇਜ਼ੀ ਨਾਲ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਵਿਚਾਰ ਸਾਂਝੇ ਕਰਦਿਆਂ ਪਰਮਜੀਤ ਸਿੰਘ ਬਸੀਨ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਦਾ ਮਕਸਦ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਸੰਗੀਤ ਨਾਲ-ਨਾਲ ਇਤਿਹਾਸਕ ਫ਼ਿਲਮਾਂ ਰਾਹੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ ਵੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਹਾਨ ਵਿਰਸੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕੇ। ਸੁਰਜੀਤ ਸਿੰਘ ਲਵਲੀ ਨੇ ਰਜਿੰਦਰ ਸਿੰਘ ਵਿਰਾਸਤ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਇਤਿਹਾਸ ’ਤੇ ਕੀਤੀ ਗਈ ਲੰਬੇ ਸਮੇਂ ਦੀ ਖੋਜ ਦੇ ਆਧਾਰ ’ਤੇ ਇਸ ਡਾਕੂਮੈਂਟਰੀ ਨੂੰ ਤਿਆਰ ਕਰ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਫ਼ਿਲਮ ਦੇ ਨਿਰਮਾਣ ਅਤੇ ਪੇਸ਼ਕਾਰੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੇ ਅਜੇਪਾਲ ਸਿੰਘ ਮੀਰਾਕੋਟ ਅਤੇ ਕਰਨ ਸਿੰਘ ਭੁੱਲਰ ਦਾ ਵੀ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਸੁਰਜੀਤ ਸਿੰਘ ਸੋਨੂੰ ਵੀਰਜੀ ਨੇ ਹਰਵਿੰਦਰ ਪਾਲ ਸਿੰਘ, ਗੁਰਪਾਲ ਸਿੰਘ ਅਤੇ ਗੁਰਦੁਆਰਾ ਸਿੰਘ ਸਭਾ ਮੁਖਰਜੀ ਪਾਰਕ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਰਜਿੰਦਰ ਸਿੰਘ ਵਿਰਾਸਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਿੱਖ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਵਿਰਾਸਤੀ ਡਾਕੂਮੈਂਟਰੀ ਰਾਹੀਂ ਆਪਣੇ 18ਵੀਂ ਸਦੀ ਦੇ ਮਹਾਨ ਜਰਨੈਲਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਯਤਨ ਕੀਤਾ ਹੈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਬੱਚਿਆਂ ਵਿੱਚ ਸਿੱਖ ਇਤਿਹਾਸ ਪ੍ਰਤੀ ਉਤਸੁਕਤਾ ਅਤੇ ਰੁਚੀ ਪੈਦਾ ਕਰਨ ਦਾ ਸੁੰਦਰ ਉਪਰਾਲਾ ਕੀਤਾ ਗਿਆ।

