ਨਵੀਂ ਦਿੱਲੀ, 24 ਸਤੰਬਰ
ਵਿਰੋਧੀ ਨੂੰ ਫਸਾਉਣ ਲਈ ਖੁਦ ਦੇ ਪੈਰ ’ਤੇ ਗੋਲੀ ਮਾਰਨ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਸੀਮ, ਉਸ ਦਾ ਭਰਾ ਫਹੀਮ (32) ਅਤੇ ਉਸ ਦਾ ਸਾਥੀ ਸਾਹਿਲ (23) ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਦੇਸੀ ਪਿਸਤੌਲ ਬਰਾਮਦ ਕੀਤੀ ਗਈ ਹੈ। ਪੁਲੀਸ ਦੇ ਅਨੁਸਾਰ ਵੀਰਵਾਰ ਨੂੰ ਉਤਰ-ਪੂਰਬੀ ਦਿੱਲੀ ਦੇ ਜਯੋਤੀ ਨਗਰ ਥਾਣੇ ਵਿੱਚ ਕਰਦਮਪੁਰੀ ਇਲਾਕੇ ’ਚ ਵਾਪਰੀ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ। ਘਟਨਾ ਵਿੱਚ ਜ਼ਖਮੀ ਵਿਅਕਤੀ ਨੂੰ ਉਸ ਦੇ ਭਰਾ ਨੇ ਜੀਟੀਬੀ ਹਸਪਤਾਲ ਵਿੱਚ ਭਰਤੀ ਕਰਵਾਇਆ।
ਉਤਰ-ਪੂਰਬ ਦਿੱਲੀ ਦੇ ਡੀਸੀਪੀ ਜੋਏ ਟਿਰਕੀ ਨੇ ਦੱਸਿਆ,‘‘ਪੁਲੀਸ ਟੀਮ ਨੇ ਹਸਪਤਾਲ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪਰ ਪੀੜਤ ਨੇ ਕੋਈ ਬਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਧਾਰਾ 307/34 ਆਈਪੀਸੀ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।’’
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੌਰਾਨ ਭੂਰਾ ਨਾਂ ਦੇ ਵਿਅਕਤੀ ਨੂੰ ਹਿਰਾਸਤ ’ਚ ਲਿਆ, ਜਿਸ ਨੇ ਪੁੱਛਗਿੱਛ ’ਚ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਜੇਲ੍ਹ ’ਚੋਂ ਰਿਹਾਅ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੀੜਤ ਦੇ ਭਰਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਹ ਭੂਰੇ ਨੂੰ ਝੂਠੇ ਕੇਸ ’ਚ ਫਸਾ ਕੇ ਬਦਲਾ ਲੈਣਾ ਚਾਹੁੰਦੇ ਸੀ। ਉਸ ਨੇ ਦੱਸਿਆ ਕਿ ਇਸ ਲਈ ਆਪਣੇ ਦੋਸਤ ਸਾਹਿਲ ਨਾਲ ਮਿਲ ਕੇ ਘਟਨਾ ਦੀ ਯੋਜਨਾ ਬਣਾਈ ਤੇ ਅਜਿਹੇ ਇਲਾਕੇ ਦੀ ਖੋਜ ਕੀਤੀ, ਜਿਥੇ ਸੀਸੀਟੀਵੀ ਕੈਮਰੇ ਨਾ ਹੋਣ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਹੀਮ ਦੇ ਕਬਜ਼ੇ ’ਚੋਂ ਦੇਸੀ ਪਿਸਤੌਲ ਬਰਾਮਦ ਕਰ ਲਈ ਹੈ। -ਪੀਟੀਆਈ