ਗੁਟਖਾ ਥੁੱਕਣ ਕਾਰਨ ਹੋਏ ਝਗੜੇ ’ਚ ਗੋਲੀ ਚੱਲੀ, ਇਕ ਜ਼ਖ਼ਮੀ
ਨਵੀਂ ਦਿੱਲੀ, 25 ਮਈ
ਉੱਤਰ-ਪੂਰਬੀ ਦਿੱਲੀ ਦੇ ਖਜ਼ੂਰੀ ਖਾਸ ਖੇਤਰ ਵਿੱਚ ਗੁਟਖਾ ਥੁੱਕਣ ਕਾਰਨ ਹੋਏ ਝਗੜੇ ’ਚ ਇਕ 35 ਸਾਲਾ ਵਿਅਕਤੀ ਦੇ ਗੋਲੀ ਮਾਰ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਆਮਿਰ ਵਾਸੀ ਖਜ਼ੂਰੀ ਖਾਸ ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਉਸ ਦੀ ਪਿੱਠ ਵਿੱਚ ਗੋਲੀ ਲੱਗੀ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਦੇ ਅਨੁਸਾਰ ਇਹ ਘਟਨਾ ਕੱਲ੍ਹ ਰਾਤ ਗੁਟਖਾ ਥੁੱਕਣ ਕਾਰਨ ਗੁਆਂਢੀਆਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਵਾਪਰੀ। ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬਹਿਸ ਦੌਰਾਨ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਪਿਸਤੌਲ ਤੋਂ ਗੋਲੀ ਚਲਾਈ ਤੇ ਘਟਨਾ ਵਿੱਚ ਆਮਿਰ ਜ਼ਖ਼ਮੀ ਹੋ ਗਿਆ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਤਿੰਨ ਜਣਿਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਅਮਨ ਅਤੇ ਉਸ ਦਾ ਪਿਤਾ ਇਰਫਾਨ ਅਤੇ ਰੇਹਾਨ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਅਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਵਿੱਚ ਵਰਤੀ ਪਿਸਤੌਲ ਬਰਾਮਦ ਕਰਨ ਲਈ ਕੋਸ਼ਿਸ਼ ਜਾਰੀ ਹੈ। ਪੁਲੀਸ ਅਨੁਸਾਰ ਮਾਮਲੇ ਦੀ ਡੁੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਪਿਸਤੌਲ ਕਿੱਥੇ ਲੈ ਕੇ ਆਏ ਸਨ। ਫਿਲਹਾਲ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ