ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਦੇ ਗਾਂਧੀ ਨਗਰ ਟੈਕਸਟਾਈਲ ਮਾਰਕੀਟ ਵਿੱਚ ਬੁੱਧਵਾਰ ਸ਼ਾਮ ਨੂੰ ਅੱਗ ਲੱਗ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸਿਜ਼ ਦੀ ਟੀਮ ਨੂੰ ਵੀਰਵਾਰ ਨੂੰ ਚਾਰ ਮੰਜ਼ਿਲਾ ਦੁਕਾਨ ਦੀ ਦੂਜੀ ਮੰਜ਼ਿਲ ’ਤੇ 19 ਸਾਲਾ ਕਰਮਚਾਰੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਸ਼ਾਹਨਵਾਜ਼ ਵਜੋਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਰਿਪੋਰਟਾਂ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਬੁੱਧਵਾਰ ਨੂੰ ਗਾਂਧੀ ਨਗਰ ਬਾਜ਼ਾਰ ’ਚ ਇਕ ਦੁਕਾਨ ’ਚ ਅੱਗ ਲੱਗ ਗਈ ਤੇ ਇਹ ਜਲਦੀ ਹੀ ਹੋਰ ਦੁਕਾਨਾਂ ’ਚ ਵੀ ਫੈਲ ਗਈ। ਛੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਸਥਾਨ ’ਤੇ 150 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਤੇ ਅੱਗ ’ਤੇ ਕਾਬੂ ਪਾਉਣ ਲਈ ਘੰਟਿਆਂਬੱਧੀ ਮਿਹਨਤ ਕੀਤੀ ਗਈ ਸੀ। ਮੁੱਖ ਚੁਣੌਤੀਆਂ ਤੰਗ ਗਲੀਆਂ ਸਨ। ਆਰ ਸਥਿਆਸੁੰਦਰਮ, ਡੀਸੀਪੀ (ਸ਼ਾਹਦਰਾ) ਨੇ ਕਿਹਾ ਕਿ ਦੁਕਾਨ ਦੇ ਇੱਕ ਕਰਮਚਾਰੀ, ਆਫਤਾਬ ਨੇ ਸਾਨੂੰ ਦੱਸਿਆ ਕਿ ਉਸ ਨੇ ਸ਼ਾਮ 5.15 ਵਜੇ ਆਪਣੇ ਮਾਲਕ ਦੀ ਦੁਕਾਨ ਬੰਦ ਕਰ ਦਿੱਤੀ ਸੀ ਤੇ ਦੂਜੇ ਕਰਮਚਾਰੀਆਂ ਨਾਲ ਸੈਰ ਕਰਨ ਲਈ ਗਿਆ ਸੀ। ਦਸ ਮਿੰਟ ਬਾਅਦ ਉਹ ਵਾਪਸ ਆਏ ਤਾਂ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਦੇਖਿਆ ਕਿ ਉਸ ਦਾ ਭਰਾ ਸ਼ਾਹਨਵਾਜ਼ ਦੁਕਾਨ ਦੇ ਅੰਦਰ ਸੀ ਜਦੋਂ ਉਹ ਚੀਕ ਰਿਹਾ ਸੀ ਅਤੇ ਦਰਵਾਜ਼ਾ ਖੜਕ ਰਿਹਾ ਸੀ। ਲੋਕਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਫੈਲ ਰਹੀ ਸੀ।
ਮ੍ਰਿਤਕ ਦੀ ਪਛਾਣ ਸਟੋਰ ਦੇ ਕਰਮੀ ਵਜੋਂ ਹੋਈ
ਅਧਿਕਾਰੀਆਂ ਮੁਤਾਬਕ ਨਵੀਂ ਦਿੱਲੀ ਦੇ ਗਾਂਧੀ ਨਗਰ ਬਾਜ਼ਾਰ ’ਚ ਵੀਰਵਾਰ ਨੂੰ ਅੱਗ ਲੱਗਣ ਦੀ ਘਟਨਾ ’ਚ 19 ਸਾਲਾ ਨੌਜਵਾਨ ਦੀ ਸੜ ਕੇ ਮੌਤ ਹੋ ਗਈ। ਸ਼ਹਿਨਵਾਜ ਸਟੋਰ ’ਤੇ ਕੰਮ ਕਰਦਾ ਸੀ ਤੇ ਉਸ ਦੀ ਪਛਾਣ ਹੋ ਗਈ ਹੈ। ਫਾਇਰ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਹੀ ਦੂਸਰੀ ਮੰਜ਼ਿਲ ’ਤੇ ਮ੍ਰਿਤਕ ਦਾ ਪਤਾ ਲਗਾਇਆ। ਫਾਇਰ ਬ੍ਰਿਗੇਡ ਨੇ ਬੁੱਧਵਾਰ ਰਾਤ ਨੂੰ ਸੂਚਨਾ ਦਿੱਤੀ ਕਿ ਗਾਂਧੀ ਨਗਰ ਦੇ ਕੱਪੜਾ ਬਾਜ਼ਾਰ ’ਚ ਇਕ ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਡਿਪਟੀ ਚੀਫ਼ ਫਾਇਰ ਅਫਸਰ ਐੱਸਕੇ ਦੁਆ ਨੇ ਕਿਹਾ ਕਿ ਅੱਗ ਮੱਧਮ ਸ਼੍ਰੇਣੀ ਦੀ ਸੀ। ਕੁੱਲ 28 ਫਾਇਰ ਟੈਂਡਰ ਲੱਗੇ। ਅੱਗ ਹੁਣ ਕਾਬੂ ਹੇਠ ਹੈ ਅਤੇ ਉਪਰਲੀਆਂ ਮੰਜ਼ਿਲਾਂ ਤੱਕ ਸੀਮਤ ਹੈ।