ਫਿਰੌਤੀ ਲਈ ਗੋਲੀਬਾਰੀ ਦਾ ਮਾਮਲਾ: Delhi Police ਨੇ ਪੰਜਾਬ ਦੇ ਬਰਖ਼ਾਸਤ ਪੁਲੀਸ ਮੁਲਾਜ਼ਮ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਫਿਰੌਤੀ ਲਈ ਪੰਜਾਬ ਨਾਲ ਜੁੜੇ ਗੋਲੀਬਾਰੀ ਕਰਨ ਦੇ ਇੱਕ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲੀਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦਾ ਇੱਕ ਬਰਖ਼ਾਸਤ ਏ ਐੱਸ ਆਈ ਵੀ...
ਫਿਰੌਤੀ ਲਈ ਪੰਜਾਬ ਨਾਲ ਜੁੜੇ ਗੋਲੀਬਾਰੀ ਕਰਨ ਦੇ ਇੱਕ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲੀਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦਾ ਇੱਕ ਬਰਖ਼ਾਸਤ ਏ ਐੱਸ ਆਈ ਵੀ ਸ਼ਾਮਲ ਹੈ। ਇਨ੍ਹਾਂ ਮੁਲਜ਼ਮਾਂ ਉੱਤੇ ਖਾਲਿਸਤਾਨੀ ਅਤੇ ਗੈਂਗਸਟਰਾਂ ਦੇ ਨਾਂ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਦਿੱਲੀ ਦੇ ਇੱਕ ਰੱਖਿਆ ਉਪਕਰਣ ਬਣਾਉਣ ਵਾਲੇ ਵਪਾਰੀ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਪੁਲੀਸ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਫਿਰੌਤੀ ਦੇ ਦੋ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲੀ ਹੈ, ਜਿਸ ਵਿੱਚ ਪੰਜਾਬ ਵਿੱਚ ਦਰਜ ਫਿਰੌਤੀ ਲਈ ਗੋਲੀਬਾਰੀ ਦਾ ਇੱਕ ਮਾਮਲਾ ਵੀ ਸ਼ਾਮਲ ਹੈ।
ਮੁਲਜ਼ਮਾਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ਼ ਪ੍ਰਿੰਸ (32) ਅਤੇ ਸ਼ਮਸ਼ੇਰ ਸਿੰਘ ਉਰਫ਼ ਸੈਮ (35) ਵਜੋਂ ਹੋਈ ਹੈ, ਜੋ ਦੋਵੇਂ ਤਰਨਤਾਰਨ (ਪੰਜਾਬ) ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਤੀਸਰੇ ਮੁਲਜ਼ਮ ਦੀ ਪਛਾਣ ਜਸਵੰਤ ਸਿੰਘ (59) ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਇਹ ਮਾਮਲਾ 17 ਅਕਤੂਬਰ 2025 ਨੂੰ ਚਾਣਕਿਆਪੁਰੀ ਥਾਣੇ ਵਿੱਚ 'ਵਿਜਯਨ ਤ੍ਰਿਸ਼ੂਲ ਡਿਫੈਂਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ' ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸਾਹਿਲ ਲੂਥਰਾ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਐੱਫ ਆਈ ਆਰ (FIR) ਨਾਲ ਜੁੜਿਆ ਹੋਇਆ ਹੈ।
ਲੂਥਰਾ ਨੇ ਦੋਸ਼ ਲਾਇਆ ਕਿ ਉਸ ਨੂੰ ਗੈਂਗਸਟਰ ਗੋਲਡੀ ਬਰਾੜ ਅਤੇ ਖਾਲਿਸਤਾਨੀ ਅਨਸਰਾਂ ਦੇ ਨਾਂ 'ਤੇ 10 ਕਰੋੜ ਰੁਪਏ ਦੀ ਮੰਗ ਕਰਨ ਵਾਲੇ ਲਗਾਤਾਰ ਵਸੂਲੀ ਦੇ ਫੋਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪੁਲੀਸ ਨੇ ਦੱਸਿਆ ਕਿ ਉਸ ਨੂੰ ਅਗਸਤ ਅਤੇ ਸਤੰਬਰ 2025 ਦੌਰਾਨ ਕਈ ਧਮਕੀ ਭਰੇ ਫੋਨ ਅਤੇ ਮੈਸੇਜ ਆਏ, ਇਸ ਤੋਂ ਬਾਅਦ 4 ਜੂਨ 2026 ਨੂੰ ਇੱਕ ਕੌਮਾਂਤਰੀ ਨੰਬਰ ਤੋਂ ਵਟਸਐਪ (WhatsApp) ਵੌਇਸ ਨੋਟ ਆਇਆ, ਜਿਸ ਵਿੱਚ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਪਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਧਮਕੀ ਭਰਿਆ ਵਟਸਐਪ ਵੌਇਸ ਨੋਟ ਆਪਣੇ ਸਾਥੀ ਮੁਲਜ਼ਮ ਜਸਵੰਤ ਸਿੰਘ ਦੇ ਕਹਿਣ 'ਤੇ ਭੇਜਿਆ ਸੀ। ਇਹ ਜਸਵੰਤ ਸਿੰਘ ਸ਼ਿਕਾਇਤਕਰਤਾ ਦੀ ਕੰਪਨੀ ਦਾ ਪੰਜਾਬ ਵਿਚਲਾ ਸਾਰਾ ਕੰਮਕਾਜ ਦੇਖਦਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਾਂਚ ਟੀਮਾਂ ਨੂੰ ਇਹ ਵੀ ਪਤਾ ਲੱਗਿਆ ਕਿ ਫਿਰੌਤੀ ਲਈ ਸ਼ੁਰੂਆਤੀ ਕਾਲਾਂ ਅਤੇ ਧਮਕੀ ਭਰੇ ਮੈਸੇਜ ਸਪੇਨ ਤੋਂ ਕੰਮ ਕਰਨ ਵਾਲੇ "ਮੰਨੀ" ਨਾਂ ਦੇ ਵਿਅਕਤੀ ਨੇ ਜਸਵੰਤ ਸਿੰਘ ਦੀ ਮਿਲੀਭੁਗਤ ਨਾਲ ਵਟਸਐਪ ਨੰਬਰ ਰਾਹੀਂ ਕੀਤੇ ਸਨ।
ਜਾਂਚ ਦੌਰਾਨ ਪੰਜਾਬ ਵਿੱਚ ਸ਼ਿਕਾਇਤਕਰਤਾ 'ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਵੀ ਮੁਲਜ਼ਮ ਦੀ ਕਥਿਤ ਭੂਮਿਕਾ ਦਾ ਪਤਾ ਲੱਗਿਆ ਹੈ। ਕ੍ਰਾਈਮ ਬ੍ਰਾਂਚ ਦੇ ਮੁਤਾਬਕ, ਇਸ ਸਾਜ਼ਿਸ਼ ਨੂੰ ਹੁਣ ਪੰਜਾਬ ਵਿੱਚ ਫਿਰੌਤੀ ਲਈ ਹੋਈ ਫਾਇਰਿੰਗ ਦੇ ਇੱਕ ਵੱਖਰੇ ਮਾਮਲੇ ਨਾਲ ਜੋੜਿਆ ਗਿਆ ਹੈ, ਜਦਕਿ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਚੱਲ ਰਹੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਸਵੰਤ ਸਿੰਘ ਪੰਜਾਬ ਪੁਲੀਸ ਦਾ ਸਾਬਕਾ ਏ ਐੱਸ ਆਈ (ASI) ਹੈ, ਜਿਸ ਨੂੰ 2006 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਹ ਸ਼ਿਕਾਇਤਕਰਤਾ ਦੀ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਪੰਜਾਬ ਵਿੱਚ ਦੋ ਅਪਰਾਧਿਕ ਮਾਮਲੇ ਦਰਜ ਹਨ।

